Punjabi Poetry

Ashraf Gill – Hazaaran bkhede te lakhan jhmele

ਹਜ਼ਾਰਾਂ ਬਖੇੜੇ, ਤੇ ਲੱਖਾਂ ਝਮੇਲੇ

ਹਜ਼ਾਰਾਂ ਬਖੇੜੇ, ਤੇ ਲੱਖਾਂ ਝਮੇਲੇ,
ਜ਼ਮਾਨੇ ਤੇ, ਖ਼ੁਸ਼ਿਆਂ ਦੇ ਵੀ ਹੈਣ ਰੇਲੇ ।

ਅਸੀਂ ਤੇਰੀ ਖ਼ਾਤਰ ਹਾਂ ਵੇਹਲੇ ਹੀ ਵੇਹਲੇ,
ਤੂੰ ਆ ਵੇਲੇ ਸਿਰ, ਜਾਂ ਵੇਲੇ ਕੁਵੇਲੇ ।

ਨਾ ਜਾਣੇਂ, ਅਸਾਂ ਕਿਹੜੇ ਟੇਸ਼ਣ ਤੇ ਲਹਿਣੈਂ,
ਚੜ੍ਹੇ ਹੋਏ ਹਾਂ, ਜ਼ਿੰਦਗਾਨੀ ਦੀ ਰੇਲੇ?

ਜੇ ਨੈਣਾਂ ਨੇ ਰਹਿਣਾਂ ਏਂ, ਡੋਬੂ ਹੀ ਡੋਬੂ,
ਤੇ ਖ਼ਾਬਾਂ ਵੀ ਰਹਿਣੈਂ, ਤਰੇਲੇ ਤਰੇਲੇ ।

ਜਦੋਂ ਤਾਈਂ ਆਟੇ ‘ਚ, ਘੁਣ ਪੀਸਣਾਂ ਏਂ,
ਤਦੋਂ ਤਾਈਂ ਫ਼ਸਲਾਂ ਨੂੰ, ਖਾਣਾਂ ਏਂ ਤੇਲੇ ।

ਜ਼ਮਾਨੇ ਦੇ ਵਿਚ, ਬੌਹਤ ਲੋਕੀ ਨੇ ਜਿਹੜੇ,
ਬਿਨਾਂ ਸੰਘ ਨੱਪਣ ਤੋਂ, ਕੱਢਦੇ ਨੇ ਡੇਲੇ ।

ਬੜੀ ਏਹ ਹਿਆਤੀ, ਵਫ਼ਾਵਾਂ ਨੇ ਵਰਤੀ,
ਬਚੀ ਜੋ, ਜਫ਼ਾਵਾਂ ਦੇ ਖਾਂਦੀ ਏ ਢੇਲੇ ।

ਮਨਾਈ ਦਾ ਏ ਸੋਗ ਵੀ, ਟੁਰ ਗਿਆਂ ਦਾ,
ਕੁਲੋਂ ਬਾਅਦ, ਫ਼ਿਰ ਓਹੀ, ਰੌਣਕ ਤੇ ਮੇਲੇ ।

ਬਣਾਇਆ ਸੀ ‘ਵਾਰਸ’ ਨੇ, ਇੱਕੋ ਈ ਰਾਂਝਾ,
ਤੇ ਰਾਂਝੇ ਬਣਾਏ, ਹਜ਼ਾਰਾਂ ਹੀ ਚੇਲੇ ।

ਜੋ ਚਿੜਦੇ ਸੀ ਓਹਤੋਂ, ਮਿਰੀ ਸੁਣ ਕੇ ‘ਅਸ਼ਰਫ਼’,
ਫੜੀ ਰਹਿ ਗਏ ਨੇ, ਗੁਲੇਲਾਂ, ਗੁਲੇਲੇ ।