Punjabi Poetry

Ashraf Gill – Utton hasde dekhe loki

ਉਤੋਂ ਹਸਦੇ ਦਿਸਦੇ ਲੋਕੀ, ਵਿਚੋਂ ਸੂਲ਼ੀ ਟੰਗੀ ਜਾਨ

ਉਤੋਂ ਹਸਦੇ ਦਿਸਦੇ ਲੋਕੀ, ਵਿਚੋਂ ਸੂਲ਼ੀ ਟੰਗੀ ਜਾਨ,
ਇਕ ਦੂਜੇ ਤੋਂ ਹੈਣ ਲੁਕਾਂਦੇ, ਅਪਣੇ ਖ਼ੂਨ ‘ਚ ਰੰਗੀ ਜਾਨ ।

ਸ਼ੀਸ਼ੇ ਵਾਂਗੂੰ ਲਿਸ਼ਕ ਰਈ ਸੀ, ਕੋਰੀ ਵੀ ਸੀ ਕਾਗ਼ਜ਼ ਵਾਂਗ,
ਝੂਠੇ ਸੱਚੇ ਵੇਖ ਕੇ ਲੋਕੀ, ਹੋ ਗਈ ਰੰਗ-ਬਰੰਗੀ ਜਾਨ ।

ਮੇਰਾ ਜੀਵਣ ਸਭਨਾਂ ਅੱਗੇ, ਖੁੱਲ੍ਹਮ ਖੁੱਲ੍ਹਾ ਵਾਂਗ ਕਿਤਾਬ,
ਮਾਜ਼ੀ, ਹਾਲ, ਤੇ ਮੁਸਤਕਬਿਲ ਦੇ, ਹਰਫ਼ਾਂ ਰੰਗੀ ਨੰਗੀ ਜਾਨ ।

ਜਿਧਰ ਚਾਹਨਾਂ, ਜਾਂਦੀ ਹੀ ਨਈਂ, ਮੈਂ ਸਮਝਾਂਦਾ ਹਾਰ ਗਿਆਂ,
ਜਿਧਰੋਂ ਮੋੜਾਂ, ਮੁੜਦੀ ਨਾਹੀਂ, ਅੜਿਅਲ ਤੇ ਅੜਬੰਗੀ ਜਾਨ ।

ਡਾਢੇ ਨਾਲ ਭਿਆਲੀ ਪਾਕੇ, ਨਾਂ ਤੇ ਨਾਂਵਾਂ ਦੋਵੇਂ ਗਏ,
ਘਾਟਾ ਮੇਰੇ ਨਾਂ ਉਸ ਪਾਕੇ, ਮਾਲ ਦੇ ਬਦਲੇ ਮੰਗੀ ਜਾਨ ।

ਪਿੰਡੋਂ ਆਕੇ ਸ਼ਹਿਰ ‘ਚ ਵੱਸੇ, ਸ਼ਹਿਰੋਂ ਆਕੇ ਪਰਦੇਸੀਂ,
ਖ਼ੁਦ ਨੂੰ ਸੌਖਾ ਕਰਦੇ ਕਰਦੇ, ਫਾਹ ਲਈ ਵਿਚ ਕੁੜੰਗੀ ਜਾਨ ।

ਆਲ ਦਵਾਲ਼ੇ ਦੇ ਸਭ ਝੇੜੇ, ਅਪਣੇ ਗਲ਼ ਵਿਚ ਪਾ ਲਏ ਨੇਂ,
ਏਹੋ ਜਹੇ ਮਾਹੌਲ ‘ਚ ਦੱਸੋ, ਕੀਵੇਂ ਰਹਿੰਦੀ ਚੰਗੀ ਜਾਨ?

ਮਾੜੇ ਦੀ ਸੰਘੀ ਤੇ ਗੂਠਾ, ਰੱਖ ਕੇ ਕੰਮ ਕਰਵਾ ਲੈਂਦੀ,
ਪਰ ਤਗੜੇ ਦੀਆਂ ਤੜੀਆਂ ਅੱਗੇ, ਝਲਦੀ ਏ ਹਰ ਤੰਗੀ ਜਾਨ ।

ਐਵੇਂ ਥੋੜਾ ਮੇਰਾ ਜੀਵਣ, ਹਸਦਾ, ਰਸਦਾ, ਦਿਸਦਾ ਏ,
ਧੁੱਪੀਂ ਸੜਦੀ, ਪਾਲੀਂ ਠਰਦੀ, ਮਲ੍ਹਿਆਂ ਵਿਚੋਂ ਲੰਘੀ ਜਾਨ ।

‘ਅਸ਼ਰਫ਼’ ਜਿਸਰਾਂ ਪੀੜਾਂ ਚਸਕਣ, ਮਾੜੇ ਭੁੱਘੇ ਜੋੜਾਂ ਵਿਚ,
ਆਸਾਂ ਜੁੜੀਆਂ ਨਾਲ ਹਿਆਤੀ, ਸਾਹਵਾਂ ਨਾਲ ਹੈ ਟੰਗੀ ਜਾਨ ।