Harmanjeet Singh – Taarian heth utaara


ਤਾਰਿਆਂ ਹੇਠ ਉਤਾਰਾ

ਘਾਹ ਫੂਸ ਦੇ ਰੋਟ ਸੀ ਥੱਪਣੇ
ਸਮਿਆਂ ਦੇ ਅਵਤਾਰਾਂ
ਕਾਨਿਆਂ ਨੇ ਸੀ ਮਹਿਲ ਕਹਾਉਣਾ
ਸ੍ਰੀ ਸਾਹਿਬ ਤਲਵਾਰਾਂ ।

ਸਤਿ ਸੁਹਾਣਾ ਤੇ ਮਸਕੀਨਾ
ਅੱਖਰ ਦਾ ਚਉਬਾਰਾ
ਚਉਬਾਰੇ ‘ਚੋਂ ਹੇਠਾਂ ਉੱਤਰ
ਪਰਖਣੀਆਂ ਸੀ ਧਾਰਾਂ ।

ਕੱਚੀ ਗੜ੍ਹੀ ‘ਚੋਂ ਕੀ ਲੱਭਦਾ ਹੈ ?
ਰੇਤਾ, ਮਿੱਟੀ, ਗਾਰਾ
ਪਰ ਉਸ ਗੜ੍ਹੀ ‘ਚੋਂ ਕੀ ਨਾ ਲੱਭਾ
ਕੜਕ, ਦਮਕ, ਲਿਸ਼ਕਾਰਾ ।

ਇੱਕ ਦਿਨ ਉੱਡਦੇ ਬਾਜ਼ ਨੂੰ ਕਹਿੰਦਾ
ਨਾਨਕ ਦਾ ਵਣਜਾਰਾ
ਚੀਰ ਨਾ ਸਕਦਾ ਚਾਨਣ ਮਿੱਤਰਾ
ਇਸ ਦੁਨੀਆ ਦਾ ਆਰਾ ।

ਬੈਠਣ ਨੂੰ ਸੀ ਤਖ਼ਤ ਬਥੇਰੇ
ਚੰਦਨ ਕਾ ਅਸਵਾਰਾ
ਖਾਲਸਿਆਂ ਨੇ ਕਰਨਾ ਸੀ ਪਰ
ਤਾਰਿਆਂ ਹੇਠ ਉਤਾਰਾ ।


Leave a Reply