Punjabi Poetry

Santokh Singh Dhir – Babeeha


ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਇਸ ਸੰਸਾਰ ਦੇ
ਕੀ ਹਨ ਕਾਰੇ
ਘਿਰਣਾ, ਦ੍ਵੈਤਾਂ,
ਕੀਨੇ, ਸਾੜੇ,
ਮੇਰਾ ਨਰਮ ਕਾਲਜਾ ਡੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।

ਲੱਖ ਸੰਗਲ
ਤੇਰੇ ਚਾਰ ਚੁਫੇਰੇ
ਪੂੰਜੀਵਾਦ ਨੇ
ਲਾ ਲਏ ਡੇਰੇ
ਇਹ ਸੱਚ ਜਾਣ ਲੈ ਭੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।

ਸਾਮਰਾਜ ਦਾ
ਦੈਂਤ ਚਿੰਘਾੜੇ
ਮੁਲਕ-ਮੁਲਕ ਵਿਚ
ਪੈਰ ਪਸਾਰੇ
ਜਬ੍ਹਾੜਾ ਮਗਰਮੱਛ ਨੇ ਖੋਲ੍ਹਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।

ਕੂੜ ਹੈ ਰਾਜਾ
ਕੂੜ ਸਲਾਹੀਏ
ਕੂੜ ਹੀ ਕੂੜ ਹੈ
ਚਾਰੇ ਪਾਸੇ
ਅਣਮਿਣਵਾਂ, ਅਣਤੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।

ਇਸ ਦੁਨੀਆਂ ਦੇ
ਕਿਰਤੀ ਸਾਰੇ
”ਇਕ ਹੋ ਜਾਵਣ”
ਆਖ ਰਿਸ਼ੀ ਨੇ
ਦਰ ਅਕਲਾਂ ਦਾ ਖੋਲ੍ਹਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।