Santokh Singh Dhir – Oh same de haakma
ਓ ਸਮੇਂ ਦੇ ਹਾਕਮਾਂ!
ਹੋ ਰਹੀਆਂ ਅਜ ਹੋਣੀਆਂ. ਅਨ-ਹੋਣੀਆਂ,
ਦੇਖ ਕੁਦਰਤ ਦਾ ਨਜ਼ਾਮ-
ਚੜ੍ਹ ਰਹੀ ਹੈ ਇਕ ਸਵੇਰ,
ਢਲ ਰਹੀ ਹੈ ਇੱਕ ਸ਼ਾਮ।
ਜਾਗ ਪਈਆਂ ਕੁੱਲੀਆਂ ਦੀਆਂ ਅੱਖੀਆਂ,
ਸੌਣ ਲੱਗੀਆਂ ਧੌਲਰਾਂ ਦੀਆਂ ਕਿਸਮਤਾਂ,
ਪੁੱਟਦਾ ਹੈ ਕਬਰ ਅਪਣੀ ਆਪ ਹੀ, ਬੁੱਢਾ ਨਜ਼ਾਮ।
ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ:
ਜਿਸ ਦੇ ਪੈਰਾਂ ਵਿਚ ਬਿਆਈਆਂ ਪਾਟੀਆਂ,
ਧੂੜ ਜਿਸ ਦੇ ਗੋਡਿਆਂ ਤਕ ਚੜ੍ਹ ਰਹੀ,
ਜਿਸ ਦੇ ਗਲ ਵਿਚ ਮਹਿਕਦੇ ਸੂਹੇ ਗੁਲਾਬ-
ਸੱਜਰੇ ਜ਼ਖ਼ਮਾਂ ਦੇ ਹਾਰ।
ਜਿਸ ਦੇ ਹੱਥਾਂ ਵਿਚ ਅੱਟਣ ਕਿਰਤ ਦੇ,
ਜਿਸ ਦੇ ਪੈਰਾਂ ਹੇਠ ਧਰਤੀ ਲਿਫ ਕੇ ਪੱਧਰ ਹੋ ਰਹੀ,
ਜਿਸ ਨੇ ਸਿਰ ‘ਤੇ ਪਹਿਨਿਆ ਕੰਡਿਆਂ ਦਾ ਤਾਜ,
ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ:
ਔਣ ਵਾਲੀ ਕਲ੍ਹ ਦਾ ਕੋਈ ਤਾਜਦਾਰ।
ਓ ਸਮੇਂ ਦੇ ਹਾਕਮਾ!
ਅੱਖੀਆਂ ਤੇ ਚਾ।
ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ:
ਜਿਸ ਦੇ ਪੈਰੀਂ ਜੁੱਤੀਆਂ ਮਖ਼ਮਲ ਦੀਆਂ,
ਗੋਡਿਆਂ ਤਕ ਜਿਸ ਨੂੰ ਧਰਤੀ ਫੜ ਰਹੀ,
ਜਿਸ ਦੇ ਗਲ ਵਿਚ ਦਮਕਦੇ ਲਾਲਾਂ ਦੇ ਹਾਰ,
ਜਿਸ ਨੂੰ ਧੋਖਾ ਦੇ ਗਈਆਂ,
ਹਥ-ਰੇਖਾਂ ਰਾਜ ਦੀਆਂ, ਧਨ ਦੀਆਂ,
ਜਿਸਦੇ ਪੈਰਾਂ ਹੇਠ ਧਰਤੀ ਥੱਕਦੀ ਤੇ ਡੋਲਦੀ,
ਜਿਸਦੇ ਸਿਰ ਤੋਂ ਡਿਗ ਰਿਹਾ ਹੈ ਹੀਰਿਆਂ, ਲਾਲਾਂ ਦਾ ਤਾਜ,
ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ:
ਬੀਤ ਚੁੱਕੀ ਕਲ੍ਹ ਦਾ ਕੋਈ ਤਾਜਦਾਰ।
ਓ ਸਮੇਂ ਦੇ ਹਾਕਮਾ!
ਹੋ ਰਹੀਆਂ ਅੱਜ ਹੋਣੀਆਂ, ਅਨ-ਹੋਣੀਆਂ,
ਦੇਖ ਕੁਦਰਤ ਦਾ ਨਜ਼ਾਮ-
ਚੜ੍ਹ ਰਹੀ ਹੈ ਇਕ ਸਵੇਰ,
ਢਲ ਰਹੀ ਹੈ ਇੱਕ ਸ਼ਾਮ।