Punjabi Poetry

Santokh Singh Dhir – Rajya raaj krendia


ਰਾਜਿਆ ਰਾਜ ਕਰੇਂਦਿਆ!
ਤੇਰੇ ਮਹਿਲਾਂ ‘ਤੇ ਪੈ ਗਈ ਰਾਤ।
ਨਵਾਂ ਨੂਰ ਹੈ ਸੁੱਟਦਾ
ਝੁੱਗੀਆਂ ਅੰਦਰ ਝਾਤ।

ਰਾਜਿਆ ਰਾਜ ਕਰੇਂਦਿਆ!
ਤੇਰੇ ਚਾਰੇ ਪਾਸੇ ਨ੍ਹੇਰ।
ਤੇਰੇ ਦੱਖਣ ਫਾਹੀਆਂ ਗੱਡੀਆਂ,
ਤੇਰੇ ਉੱਤਰ ਜੇਲ੍ਹਾਂ ਢੇਰ।
ਤੇਰੇ ਪੱਛਮ ਕੰਡੇ ਖਿੱਲਰੇ,
ਤੇਰਾ ਪੂਰਬ ਬਿਨਾਂ ਸਵੇਰ।

ਰਾਜਿਆ ਰਾਜ ਕਰੇਂਦਿਆ!
ਤੇਰੇ ਜ਼ੁਲਮਾਂ ਦਾ ਇਹ ਹਾਲ:
ਗਿਆਰਾਂ ਵਰ੍ਹੇ ਦੇ ਬਾਲ ਨੂੰ
ਕੈਦ ਛਿਆਲੀ ਸਾਲ।

ਰਾਜਿਆ ਰਾਜ ਕਰੇਂਦਿਆ!
ਤੇਰਾ ਤਖ਼ਤ ਰਿਹਾ ਹੈ ਡੋਲ।
ਜਦ ਜ਼ੁਲਮਾਂ ਨੇ ਪੀੜੀ ਲੋਕਤਾ
ਅਤੇ ਸ਼ਾਇਰ ਸਕੇ ਨਾ ਬੋਲ।

ਰਾਜਿਆ ਰਾਜ ਕਰੇਂਦਿਆ!
ਤੇਰੀ ਨਗਰੀ ‘ਚ ਵਸਦੇ ਚੋਰ।
ਜਿਥੇ ਭੁੱਖਾਂ ਖਾਣ ਕਿਸਾਨ ਨੂੰ,
ਅਤੇ ਕਣਕਾਂ ਨੂੰ ਖਾਂਦੇ ਢੋਰ।

ਰਾਜਿਆ ਰਾਜ ਕਰੇਂਦਿਆ!
ਤੇਰੀ ਦੇਖ ਲਈ ਜਮਹੂਰ;
ਜਿਥੇ ਅੱਜ ਵੀ ਹੱਕ ਦੇ ਵਾਸਤੇ
ਸੂਲੀ ਚੜ੍ਹਨ ਮਨਸੂਰ।

ਰਾਜਿਆ ਰਾਜ ਕਰੇਂਦਿਆ!
ਤੇਰਾ ਤਕ ਲਿਆ ਨਵਾਂ ਕਨੂੰਨ।
ਜਿਹੜਾ ਧਨੀਆਂ ਨੂੰ ਆਖੇ ਪੀਣ ਲਈ
ਮਜ਼ਦੂਰਾਂ ਦਾ ਖ਼ੂਨ।
ਜਿਹੜਾ ਮਲਕੀਅਤ ਨੂੰ ਆਖਦਾ:
ਤੈਨੂੰ ਕੋਈ ਨਾ ਸਕਦਾ ਮਾਰ।
ਅਤੇ ਹਲ ਨੂੰ ਆਖੇ ਘੂਰ ਕੇ:
ਤੇਰੇ ਕੁਝ ਨਹੀਂ ਲਗਦੇ ਸਿਆੜ।
ਜੋ ਮਨੁੱਖਤਾ ਦੀ ‘ਕਲ੍ਹ’ ਨੂੰ
ਰਿਹਾ ਧਨੀਆਂ ਹਥ ਫੜਾ।
ਜੋ ਦਿਨ ਧੌਲੇ ਵਿਚ ਕਿਰਤ ਨੂੰ
ਰਿਹਾ ਚੋਰਾਂ ਹੱਥ ਲੁਟਾ।

ਰਾਜਿਆ ਰਾਜ ਕਰੇਂਦਿਆ!
ਤੈਨੂੰ ਲੱਖ ਮਿਰਕਣ ਦਾ ਮਾਣ।
ਤੈਨੂੰ ਲੱਖ ਗਰਬ ਅੰਗਰੇਜ਼ ਦਾ,
ਤੇਰੇ ਪੱਖ ਵਿਚ ਲੱਖ ਧਨਵਾਨ;
ਪਰ ਹੁਣ ਜਾਗੇ ਹੋਏ ਲੋਕ ਤੋਂ
ਤੇਰੀ ਲੁਕ ਨਹੀਂ ਸਕਦੀ ਜਾਨ।

ਰਾਜਿਆ ਰਾਜ ਕਰੇਂਦਿਆ!
ਤੈਨੂੰ ਕਿਸੇ ਨਾ ਦੇਣੀ ਓਟ।
ਤੂੰ ਜਿਹਨਾਂ ਨੂੰ ਪਰਬਤ ਜਾਣਿਆ,
ਇਹ ਹਨ ਰੇਤੇ ਦੇ ਕੋਟ।

ਰਾਜਿਆ ਰਾਜ ਕਰੇਂਦਿਆ!
ਅਜ ਧਨ ਦਾ ਖ਼ਤਮ ਨਜ਼ਾਮ।
ਅਜ ਉਡਣ ਫਰੇਰੇ ਰੱਤੜੇ
ਵਿਚ ਚੀਨ ਅਤੇ ਵਿਤਨਾਮ।
ਅਜ ਤੁਰੀ ਮਸ਼ਾਲਾਂ ਬਾਲ ਕੇ
ਕਿਤੇ ਮੱਸ-ਫੁਟਿਆਂ ਦੀ ਲਾਮ।
ਕਿਤੇ ਰੇਲ-ਮਜ਼ੂਰਾਂ ਦੀ ਭੁੱਖ ਨੇ,
ਕੀਤਾ ਰੇਲ ਦਾ ਪਹੀਆ ਜਾਮ।
ਅੱਜ ਪੜ੍ਹਾਕੂ ਸਿਰਾਂ ‘ਚੋਂ
ਕੋਈ ਇਲਮ ਪਿਆ ਹੈ ਜਾਗ।
ਅਜ ਉੱਡ ਪਏ ਵਾਰਸ ‘ਕਲ੍ਹ’ ਦੇ,
ਹਥ ਫੜ ਕੇ ਸਮੇਂ ਦੀ ਵਾਗ।
ਅਜ ਹਰੀਆਂ ਫਸਲਾਂ ਗਾਉਂਦੀਆਂ
ਤਿਲੰਗਾਨਾ ਦੇ ਗੀਤ।
ਅਜ ਮੁੜ ਮੁੜ ਜੀਊਂਦੇ ਹੋ ਰਹੇ,
ਕਿਸ਼ਨ-ਗੜ੍ਹੀ ਗਭਰੀਟ।

ਰਾਜਿਆ ਰਾਜ ਕਰੇਂਦਿਆ!
ਤੈਨੂੰ ਕਵੀ ਕਹੇ ਲਲਕਾਰ:
ਤੈਨੂੰ ਭਰਮ ਹੈ ਤਪ ਤੇ ਤੇਜ ਦਾ,
ਤੇਰੀ ਨਗਰੀ ‘ਚ ਮਾਰੋ ਮਾਰ।

ਰਾਜਿਆ ਰਾਜ ਕਰੇਂਦਿਆ!
ਤੈਨੂੰ ਕਵੀ ਕਹੇ ਲਲਕਾਰ:
ਤੇਰੇ ਧੌਲਰ ਤ੍ਰੇੜਾਂ ਖਾ ਰਹੇ
ਸੁਣ ਲੋਕਾਂ ਦੀ ਵੰਗਾਰ।