Punjabi Poetry

Santokh Singh Dhir – Saade tan raah roshan


ਝੂਟਾ ਜਿਹਾ ਹੈ ਖਾਧਾ,
ਮਹਿਲਾਂ-ਮੁਨਾਰਿਆਂ ਨੇ,
ਅੱਜ ਬਦਲਿਆ ਹੈ ਪਾਸਾ,
ਛੰਨਾਂ ਤੇ ਢਾਰਿਆਂ ਨੇ।

ਛਣਦੀ ਹੀ ਜਾ ਰਹੀ ਹੈ,
ਮੱਸਿਆ ਦੀ ਰਾਤ ਕਾਲੀ,
ਸਿੰਨ੍ਹੇ ਨੇ ਤੀਰ ਲੱਖਾਂ,
ਰਲ ਕੇ ਸਿਤਾਰਿਆਂ ਨੇ।

ਲਾਹਿਆ ਹੈ ਘੁੰਡ ਮੁੱਖੋਂ,
ਪੂਰਬ ਦੀ ਵਹੁਟੜੀ ਨੇ,
ਸਮਿਆਂ ਦੇ ਦਿਓਰ ਟੁੰਬੇ,
ਰੰਗਲੇ ਨਜ਼ਾਰਿਆਂ ਨੇ।

ਭੰਵਰਾਂ ਦੇ ਪਾਣੀਆਂ ਵਿਚ,
ਠੇਲ੍ਹੀ ਅਸੀਂ ਹੈ ਬੇੜੀ,
ਫੜ-ਫੜ ਬਥੇਰਾ ਰੱਖਿਆ,
ਭਾਵੇਂ ਕਿਨਾਰਿਆਂ ਨੇ।

ਟਹਿਕੇ ਗੁਲਾਬ ਵਾਂਗੂੰ
ਖਿੜ-ਖਿੜ ਕੇ ਸੂਹੇ ਹੋਣਾ,
ਸਾਨੂੰ ਸਿਖਾਇਆ, ਸਾਥੀ,
ਭਖਦੇ ਅੰਗਾਰਿਆਂ ਨੇ।

ਸਾਡੇ ਤਾਂ ਰਾਹ ਰੌਸ਼ਨ,
ਸਾਡੇ ਤਾਂ ਲੰਮੇ ਜੇਰੇ,
ਸਾਨੂੰ ਹੈ ਕੀ ਸਤਾਉਣਾ,
ਹੁਸਨਾਂ ਦੇ ਲਾਰਿਆਂ ਨੇ।

ਹੇ ਇਸ਼ਕ! ਤੇਰੀ ਖ਼ਾਤਰ,
ਬਣ ਗਏ ਅਸੀਂ ਕਹਾਣੀ,
ਰਾਤਾਂ ਨੂੰ ਜਿਸ ਨੂੰ ਸੁਣਿਆ,
ਹਿਸ-ਹਿਸ ਕੇ ਤਾਰਿਆਂ ਨੇ।

ਹੇ ਇਸ਼ਕ! ਤੇਰੀ ਖ਼ਾਤਰ,
ਬਣ ਗਏ ਅਸੀਂ ਕਹਾਣੀ,
ਮੁੱਕਣ ਨਾ ਜਿਸ ਨੂੰ ਦਿੱਤਾ,
ਜੱਗ ਦੇ ਹੁੰਗਾਰਿਆਂ ਨੇ।