Punjabi Poetry

Omkar Sood – Bachhe


ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਬੱਚੇ ਦੀ ਕਿਲਕਾਰੀ ਸੁਣਕੇ ਮਨ-ਚਿੱਤ ਪਿਆ ਮੁਸਕਾਵੇ।
ਆਵੇ ਖੇੜਾ ਦਿਲ ਦੇ ਅੰਦਰ ਗੀਤ ਜਿਹਾ ਮਨ ਗਾਵੇ।
ਆਪਣਾ ਬਚਪਨ ਚੇਤੇ ਆਜੇ ਜੋ ਸੀ ਕਦੇ ਜ਼ਰੂਰ,
ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਜੋ ਬੱਚਿਆਂ ਤਾਈਂ ਕੁੱਟੇ-ਮਾਰੇ ਉਹ ਬੰਦਾ ਹੈ ਪਾਪੀ।
ਉਸਦਾ ਅੰਦਰ ਬੋ ਮਾਰਦਾ ਰੂਹ ਵੀ ਰਹੇ ਸਰਾਪੀ।
ਉਸ ਗੁਰੁ ਦਾ ਟੁੱਟ ਜਾਂਦਾ ਹੈ ਆਪਣੇ-ਆਪ ਗਰੂਰ,
ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਮਿੱਠਾ ਚਾਹੇ ਕੌੜਾ ਹੋਵੇ ਬੱਚਿਆਂ ਦਾ ਸੁਭਾਅ।
ਕਰ ਲਈਦਾ ਸਮਤੋਲ ਬਣਾ ਕੇ ਇਨ੍ਹਾਂ ਨਾਲ ਨਿਭਾਅ।
ਅਗਲੀ ਪੀੜ੍ਹੀ ਦਾ ਹੁੰਦੇ ਪਰੀਵਾਰਾਂ ਦੇ ਵਿੱਚ ਪੂਰ,
ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਭੁੱਖ-ਗ਼ਰੀਬੀ ਦੁੱਖ ਦੇ ਮਾਰੇ ਕਦੇ ਨਾ ਰੋਣ ਨਿਆਣੇ।
ਰੱਬਾ ਤੇਰੀ ਹੋਂਦ ਜੇ ਹੈਗੀ ਸਭ ਨੂੰ ਦੇ ਦੇਹ ਦਾਣੇ।
ਭੁੱਖਾਂ-ਦੁੱਖਾਂ ਤੋਂ ਸਭ ਬੱਚੇ ਕਰ ਦੇ ਰੱਬਾ ਦੂਰ,
ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।

ਬਾਲਾਂ ਦੀ ਤਾਕਤ ਹੋ ਜਾਵੇ ਦੁਨੀਆਂ ਉੱਤੇ ਭਾਰੀ।
ਇਨ੍ਹਾਂ ਦੇ ਵੱਲ ਅੱਖ ਚੁੱਕਣ ਦੀ ਨਾ ਕੋਈ ਕਰੇ ਤਿਆਰੀ।
ਬੱਚਿਆਂ ਦੇ ਵਿੱਚ ਦਿਸੇ ਸਭ ਨੂੰ ਸੱਚੇ ਰੱਬ ਦਾ ਨੂਰ,
ਕਦੇ ਉਦਾਸੀ ਆਵੇ ਮਨ ‘ਤੇ ਬੱਚੇ ਕਰਦੇ ਦੂਰ।
ਗੋਦੀ ਦੇ ਵਿੱਚ ਆ ਕੇ ਬੈਠਣ ਸਭ ਗ਼ਮ ਚਕਨਾ-ਚੂਰ……।