Punjabi Poetry

Omkar Sood – Sardi


ਜਦੋਂ ਦਸੰਬਰ ਚੜ੍ਹਕੇ ਆਇਆ।
ਕਿੰਨੀ ਸਰਦੀ ਨਾਲ ਲਿਆਇਆ।
ਧੁੰਦਾਂ ਚਾਰੇ ਪਾਸੇ ਪਈਆਂ,
ਠੁਰ-ਠੁਰ ਸਭ ਨੂੰ ਕੰਬਣ ਲਾਇਆ।
ਧੂਣੀਆਂ ਸੇਕ-ਸੇਕ ਕੇ ਲੋਕਾਂ,
ਆਪਣੇ ਤਨ ਮਨ ਨੂੰ ਗਰਮਾਇਆ।
ਕੰਬਲ ਅਤੇ ਰਜਾਈਆਂ ਦੇ ਵਿੱਚ,
ਛੁਪ ਕੇ ਤਨ ਦਾ ਨਿੱਘ ਬਣਾਇਆ।
ਕੋਟ-ਕੋਟੀਆਂ ਸਭ ਨੇ ਕੱਢ ਲਏ,
ਗੁਲੂਬੰਦਾਂ ਨਾਲ ਸਿਰ ਛੁਪਾਇਆ।
ਜੁਰਾਬਾਂ ਤੇ ਦਸਤਾਨੇ ਨਿਕਲੇ,
ਟੋਪੀਆਂ ਦਾ ਵੀ ਚੇਤਾ ਆਇਆ।
ਹੁਣ ਤਾਂ ਚਾਹਾਂ ਚੰਗੀਆਂ ਲੱਗਣ,
ਠੰਡਿਆਂ ਦਾ ਹੈ ਨਾਮ ਭੁਲਾਇਆ।
ਮੂੰਗਫਲੀ ਅਤੇ ਰਿਉੜੀ, ਗੱਚਕ-
ਮੂੰਹਾਂ ਦਾ ਸਵਾਦ ਵਧਾਇਆ।
ਤਿਲ ਦੇ ਲੱਡੂ-ਗੁੜ ਦੀ ਗੱਚਕ,
ਖਾਣ ਲਈ ਹੈ ਮਨ ਲਲਚਾਇਆ।
ਦੇਸੀ ਘਿਓ ਦੇ ਬਣੇ ਪੰਜੀਰੇ,
ਖਾ-ਖਾ ਲੋਕਾਂ ਵਜਨ ਵਧਾਇਆ।
ਪੰਛੀ ਹੋ ਗਏ ਅੱਖੋਂ ਓਝਲ,
ਆਹਲਣਿਆਂ ਵਿੱਚ ਡੇਰਾ ਲਾਇਆ।
ਗਾਵਾਂ-ਮੱਝਾਂ ਅਤੇ ਬੱਕਰੀਆਂ,
ਸਭਨਾਂ ਅੰਦਰੀਂ ਸਿਰ ਛੁਪਇਆ।
ਕਰਦੇ ਕਾਮੇ ਕੰਮ ਫੇਰ ਵੀ-
ਢਿੱਡ ਨੇ ਸਭ ਨੂੰ ਆਹਰੇ ਲਾਇਆ।
ਠੰਡੀ-ਠੰਡੀ ਠੰਡ ਨੇ ਆ ਕੇ,
ਨੱਕਾਂ ਨੂੰ ਵਖਤਾਂ ਵਿੱਚ ਪਾਇਆ।
ਖਊਂ-ਖਊਂ ਖਾਂਸੀ, ਨੱਕ ਵੀ ਵਗਦੇ,
ਹਾਏ ਜੁਕਾਮਾਂ ਵੰਝ ‘ਤੇ ਚਾਇਆ।
ਐਕਸੀਡੈਂਟ ਬੜੇ ਹੁੰਦੇ ਨੇ,
ਧੁੰਦਾਂ ਨੇ ਬਹੁ ਭੜਥੂ ਪਾਇਆ।
ਅੰਨ੍ਹੇ ਹੋ ਗਏ ਦਿਸਦਾ ਕੁਝ ਨਹੀਂ,
ਸੂਰਜ ਆਪਣਾ-ਆਪ ਛੁਪਾਇਆ।