Punjabi Poetry

Harmanjeet Singh – Udd dian dhuppan da geet


ਉੱਡਦੀਆਂ ਧੁੱਪਾਂ ਦਾ ਗੀਤ

ਪਿਆਰ ਤਾਂ ਹੈ ਸਬਜ਼-ਰਾਤਾਂ ਦੀ ਮਹਿਕ
ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਯਾਰ
ਪਿਆਰ ਤਾਂ ਹੈ ਪਰਬਤਾਂ ਦੀ ਸਾਧਨਾ
ਪਿਆਰ ਤਾਂ ਹੈ ਡੂੰਘਿਆਂ ਖੂਹਾਂ ਦਾ ਸਾਰ ।

ਪਿਆਰ ਤਾਂ ਹੈ ਬਾਜ਼ ਦੀ ਨੰਗੀ ਨਜ਼ਰ
ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ
ਪਿਆਰ ਦਾ ਕੋਈ ਰੰਗ ਨਾ, ਆਕਾਰ ਨਾ
ਪਿਆਰ ਤਾਂ ਪਾਣੀ ‘ਚ ਘੁਲ਼ਿਆ ਇੱਕ ਵਿਚਾਰ ।

ਪਿਆਰ ਤਾਂ ਹੈ ਠੱਠਿਆਂ ਦਾ ਅਰਕ ਜਿਉਂ
ਪਿਆਰ ਤਾਂ ਹੈ ਹੌਕਿਆਂ ਦਾ ਤੱਤ-ਸਾਰ
ਪਿਆਰ ਤਾਂ ਹੈ ਜਿਉਂ ਹੜੱਪਾ ਦੀ ਗਲ਼ੀ
ਸਦੀਆਂ ਪੁਰਾਣੀ ਰੀਤ ਦਾ ਕੋਈ ਆਧਾਰ ।

ਪਿਆਰ ਤਾਂ ਹੈ ਖਿੱਤੀਆਂ ਦਾ ਸਿਰ ‘ਤੇ ਨੱਚਣਾ
ਪਿਆਰ ਤਾਂ ਖ਼ਾਬਾਂ ਦੀ ਡੋਲੀ ਦਾ ਕਹਾਰ
ਪਿਆਰ ਤਾਂ ਹੈ ਉੱਡਦੀਆਂ ਧੁੱਪਾਂ ਦਾ ਗੀਤ
ਪਿਆਰ ਤਾਂ ਹੈ ਪਸਰੀਆਂ ਛਾਂਵਾਂ ਦਾ ਭਾਰ ।

ਪਿਆਰ ਤਾਂ ਦਿਲ ਦੀ ਮੰਮਟੀ ਨੂੰ ਭੰਨ ਕੇ
ਹਰ ਰੋਜ਼ ਹੀ ਲੈਂਦਾ ਕੋਈ ਤਾਜ਼ੀ ਉਸਾਰ
ਪਿਆਰ ਤਾਂ ਜਿਸਮਾਂ ਦਾ ਸੁੱਚਾ ਹੋਵਣਾ
ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ |