Punjabi Poetry

Surjit Singh Patar – Mai banavanga hazaar vanjhlian mai sochia si


ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ

ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸੀ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ

ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ਜਾ ਰਿਹਾ ਸੀ

ਕਿਸ ਤਰਾਂ ਦੀ ਦੌੜ ਸੀ, ਪੈਰਾਂ ‘ਚ ਅੱਖਰ ਰੁਲ ਰਹੇ ਸਨ
ਓਹੀ ਅੱਖਰ ਜਿਹਨਾਂ ਅੰਦਰ ਮੰਜ਼ਿਲਾਂ ਦਾ ਥਹੁ ਪਤਾ ਸੀ

ਅਗਨ ਜਦ ਉੱਠੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ ‘ਚ ਦਰਿਆ ਬਣ ਗਿਆ ਸੀ

ਸੁੱਕ ਗਿਆ ਹਰ ਬਿਰਖ ਉਸ ਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ ‘ਤੇ ਬਰਸਣਾ ਸੀ

ਮੁੜ ਤਾਂ ਆਈਆਂ ਮੱਛਲੀਆਂ ਆਖਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤਕ ਪਾਣੀ ਵੀ ਪੱਥਰ ਹੋ ਗਿਆ ਸੀ