Punjabi Poetry

Ashraf Sharfi – Laalach de sab laine dene, laalch de sab dhande


ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ

ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ ।
ਦੁਨੀਆਂ ਵਾਲੇ ਉੱਤੋਂ ਸੋਹਣੇ, ਵਿੱਚੋਂ ਨੌਂਹ-ਨੌਂਹ ਗੰਦੇ ।

ਸੌਹਰੇ ਘਰ ਲੈ ਜਾਵਣ ਦੇ ਲਈ, ਲੈਫ਼ ਤਲਾਈਆਂ ਤਾਈਂ,
ਜਿੰਦੜੀ ਮਹਿੰਦੀ ਰੰਗੇ ਹੱਥ ਨਾਲ, ਦਿੰਦੀ ਰੋਜ਼ ਨਗੰਦੇ ।

ਬਾਗ਼ਾਂ ਦੇ ਵਿੱਚ ਮੁੜ ਕੇ ਆਈਆਂ, ਸਾਵੀਆਂ ਰੁੱਤਾਂ ਸੱਜਨਾਂ,
ਲਗਦਾ ਏ ਹੁਣ ਫਿਰ ਜਾਵਣਗੇ, ਸਭਾਂ ਦੇ ਦਿਨ ਮੰਦੇ ।

ਭੋਲਿਆ ਹੁਣ ਤੇ ਮੁਸ਼ਕਲ ਹੋਇਆ, ਬਚ ਕੇ ਏਥੋਂ ਜਾਣਾ,
ਮੋੜ ਮੋੜ ਤੇ ਸੂਲੀਆਂ ਗੱਡੀਆਂ, ਗਲੀ-ਗਲੀ ਤੇ ਫੰਦੇ ।

ਏਹੋ ਜੇਹੇ ਵੀ ਹੱਡ ਹਰਾਮੀਂ, ਦੇਖਣ ਦੇ ਵਿਚ ਆਏ,
ਪੇਟ ਦੀ ਖਾਤਰ ਦੀਨ ਦੇ ਨਾਂ ‘ਤੇ, ਮੰਗਦੇ ਫਿਰਦੇ ਚੰਦੇ ।

ਨਫ਼ਰਤ, ਵੈਰ ਕਰੋਧ ਦੀ ਹਰ ਇਕ, ਗੰਢ ਨੂੰ ਜੜ੍ਹੋਂ ਮੁਕਾਉ,
ਦਿਲ ਦੀ ਅੱਖੜ ਲੱਕੜੀ ਉੱਤੇ, ਫੇਰ ਕੇ ਪਿਆਰ ਦੇ ਰੰਦੇ ।

ਚੱਲ ‘ਸ਼ਰਫ਼ੀ’ ਹੁਣ ਹੋਰ ਕਿਤੇ ਹੀ, ਚੱਲ ਕੇ ਧੂਣੀ ਲਾਈਏ,
ਕੀ ਰਹਿਣਾ ਏ ਉੱਥੇ ਜਿੱਥੇ, ਰੱਬ ਸਦਾਵਣ ਬੰਦੇ ।