Harmanjeet Singh – Aatan di sardar
ਆਤਣ ਦੀ ਸਰਦਾਰ
(ਹੀਰ ਦੇ ਨਾਮ)
ਆਤਣ ਦੀ ਸਰਦਾਰ, ਚੂਚਕ ਦੀ ਜਾਈ
ਪੱਤਣ ‘ਤੇ ਪੀਂਘਾਂ, ਝਨਾਂ ਵਿੱਚ ਡੁਬਕੀ
ਦਹਾੜਨ ਬਾਘ, ਲਿਸ਼ਕਦੇ ਡੇਲੇ
ਸ਼ੂਕਦਾ ਬੇਲਾ, ਘੁਮੰਡੀ ਛਾਤੀ
ਅਜਗਰੀ-ਮਾਣ, ਫ਼ਿਕਰ ਨਾ ਫਾਕੇ ।
ਚੰਦਨ ਦੀ ਮੁਸ਼ਕ, ਹਵਾ ਵਿੱਚ ਕਣੀਆਂ
ਮੇਘ ਦੀਆਂ ਗਰਜਾਂ, ਲਾਚੜੇ ਮੋਰ
ਸੁਰੰਗਾ ਬਾਣਾ, ਪੈਰ ਦੀ ਫੁਰਤੀ
ਕਚ ਦਾ ਪਿੰਡਾ, ਵਣਾਂ ਨੂੰ ਫੂਕੇ
ਵਿਗੜਦੇ ਮੋਮਨ, ਹੁਸਨ ਜਵਾਨੀ ।
ਮੱਥੇ ਵਿੱਚ ਵੈਲ, ਜ਼ੁਬਾਂ ‘ਤੇ ਗਾਲਾਂ
ਹੁਸਨ ਦਾ ਅੰਤ, ਬਾਰ ਦੀ ਹਰਨੀ
ਗੂੜ੍ਹੀਆਂ ਚਸ਼ਮਾਂ, ਤਿਲਕਦੀ ਸੇਲ੍ਹੀ
ਅੰਗ ਅੰਗਿਆਰੇ, ਧੂਸਰੀ ਮੀਢੀ
ਉਮਰ ਦਾ ਸੇਕ ਤੇ ਕਿਰ ਗਏ ਦਾਣੇ ।
ਕੌਣ ਪਰਦੇਸੀ, ਪੈਣ ਤੜਥੱਲਾਂ
ਉੱਬਲਦਾ ਖੂਨ, ਸਹਿਮਦੀਆਂ ਵੇਲਾਂ
ਬੰਸਰੀ ਵੱਜਦੀ, ਡੋਲਦਾ ਮੱਥ
ਕੁਆਰੀ ਕੰਜ, ਛੋਹਰ ਦੇ ਲੇਖੇ
ਸਿਰਾਂ ‘ਤੇ ਛੰਨਾ, ਮੋਰ ਵੱਤ ਪੈਲਾਂ ।