Punjabi Poetry

Harmanjeet Singh – Rumkian di lippi


ਰੁਮਕਿਆਂ ਦੀ ਲਿੱਪੀ

ਲੇਖਾਂ ਦੇ ਨਕਸ਼ਿਆਂ ‘ਤੇ
ਪੌਣਾਂ ਦਾ ਹੈ ਚੰਦੋਆ
ਬੜਾ ਲਾਮਿਸਾਲ ਹੁੰਦੈ
ਫੁੱਲਾਂ ਦਾ ਵੀ ਨੜੋਆ
ਸਾਹਾਂ ‘ਚ ਮੌਤ ਰਹਿੰਦੀ
ਰੂਹ ਦਾ ਸ਼ਿੰਗਾਰ ਬਣਕੇ
ਉਸਦੀ ਗਲ਼ੀ ਦਾ ਚਾਨਣ
ਮੇਰੇ ਹੌਂਸਲੇ ‘ਚ ਛਣਕੇ
ਅੰਬਰ ਨੂੰ ਉੱਡ ਗਿਆ ਹੈ
ਕੋਈ ਜੀਵ ਦਲਦਲਾਂ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।

ਤੇਗਾਂ ‘ਚ ਢਲ ਗਈ ਹੈ
ਤੇਰੇ ਕੌਤਕਾਂ ਦੀ ਚਾਂਦੀ
ਖ਼ਾਬਾਂ ਤੋਂ ਉੱਚੀ ਹੋ ਗਈ
ਹੁਣ ਇਸ਼ਕ ਦੀ ਪਰਾਂਦੀ
ਇੱਕੋ ਡਲ਼ੀ ਦੀ ਖ਼ਾਤਰ
ਧਰਤੀ ਲੁਟਾ ਸਕਦੇ ਹਾਂ
ਸਿਰ ਵੀ ਕਟਾ ਸਕਦੇ ਹਾਂ
ਖੱਲ ਵੀ ਲੁਹਾ ਸਕਦੇ ਹਾਂ
ਨਦੀਆਂ ਨੂੰ ਵੀ ਆ ਸਕਦੈ
ਸੁਪਨਾ ਕਿਸੇ ਤਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।

ਜਦੋਂ ਰੁਮਕਿਆਂ ਦੀ ਲਿੱਪੀ
ਕਰਦੀ ਹਲਾਕ ਅੱਖਾਂ
ਉਦੋਂ ਚਾਨਣਾਂ ਦੇ ਚਿਮਟੇ
ਇੱਕਸਾਰ ਵੱਜਦੇ ਲੱਖਾਂ
ਸਮਿਆਂ ਦੀ ਪੌੜੀ ਚੜ੍ਹਕੇ
ਭਟਕਣ ਹਸੀਨ ਹੋ ਗਈ
ਗਿੱਧੇ ‘ਚ ਵੜ ਗਈ ਤੇ
ਤਾਜ਼ੀ ਤਰੀਨ ਹੋ ਗਈ
ਬਣੀ ਧੂੜ ਬੇਲਿਆਂ ਦੀ
ਆਧਾਰ ਤਕਸ਼ਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।

ਮੇਰੇ ਪੋਟਿਆਂ ‘ਚ ਤਪਿਆ
ਇਹ ਕਿਸ ਤਰ੍ਹਾਂ ਦਾ ਤਾਂਬਾ
ਮੈਂਨੂੰ ਵਾਰ-ਵਾਰ ਸੁਣਦੈ
ਡੂੰਘੇ ਵਣਾਂ ਦਾ ਕਾਂਬਾ
ਰੋਹੀ ਦਾ ਰੰਗ ਮੈਂਨੂੰ
ਮੇਰੇ ਹਾਲ ਵਰਗਾ ਲਗਦੈ
ਅੰਬਰ ਪੈਗੰਬਰਾਂ ਨੂੰ
ਇੱਕ ਥਾਲ ਵਰਗਾ ਲਗਦੈ
ਗੀਤਾਂ ‘ਚ ਮੜ੍ਹਿਆ ਜਾਂਦੈ
ਜਦ ਸੁੰਨ ਕੋਈ ਖਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।

ਧੁੱਪਾਂ ਦਾ ਟੂਮ-ਛੱਲਾ
ਕਵਿਤਾ ‘ਚ ਬੋਲਦਾ ਹੈ
ਆਠਰ ਗਈ ਜ਼ੁਬਾਂ ‘ਤੇ
ਪਾਣੀ ਵੀ ਡੋਲ੍ਹਦਾ ਹੈ
ਮੁੱਖੜਾ ਪਪੀਸੀਆਂ ਦਾ
ਨਾਗਾਂ ਦੇ ਫ਼ਨ ਖਿਲਾਰੇ
ਜਿਸਦਾ ਆਕਾਰ ਹੈ ਨਈਂ
ਸਭ ਓਸ ਦੇ ਆਕਾਰੇ
ਲੋਕਾਂ ਨੇ ਕਦ ਸਮਝਣਾ
ਰੱਬ ਨਾਮ ਕਿਸ ਬਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।