Punjabi Poetry

Shiv Kumar Batalvi – Hanjua de gaah


ਤੇਰੀ ਯਾਦ ਦੀ ਰਸੌਂਦ ਦੇ ਕਟੋਰੇ ਭਰ ਭਰ
ਬਦੋ ਬਦੀ ਹਾਂ ਮੈਂ ਦਿਲੇ ਨੂੰ ਪਿਆਲਦੀ ਪਈ ।

ਪਿੱਤ-ਪਾਪੜੀ ਮੈਂ ਪੀੜਾਂ ਦੀ ਲੁੰਗ ਤੋੜ ਤੋੜ
ਕੱਢ ਲਿਲੀਆਂ ਹਾਂ ਜਿੰਦੂ ਨੂੰ ਖੁਆਲਦੀ ਪਈ ।

ਜੜੀ ਹੰਝੂਆਂ ਦੇ ਮੋਤੀ ਚੰਨਾ ਪੱਖੀ ਝੋਲ ਝੋਲ
ਦੇ ਦੇ ਲੋਰੀਆਂ ਮੈਂ ਦੀਦੇ ਹਾਂ ਸੁਆਲਦੀ ਪਈ ।

ਲੈ ਲੈ ਚਾਨਣੀ ਮੈਂ ਝੱਸਾਂ ਕਾਲੀ ਰਾਤੜੀ ਦੇ ਕੇਸ
ਮਲ ਮੱਖਣੀ ਮੈਂ ਜੀਝਾਂ ਹਾਂ ਨੁਹਾਲਦੀ ਪਈ ।

ਦੋਹਣੀ ਦਿਲੇ ਦੀ ‘ਚੋਂ ਕੌੜਾ ਦੁੱਧ ਅੱਕ ਦਾ ਕੜ੍ਹਾਂਘਾ
ਅੱਖਾਂ ਮੀਚ ਕੇ ਮੈਂ ਹਾਣੀਆਂ ਵੇ ਸਾਰਾ ਪੀ ਲਿਆ ।

ਵੇ ਮੈਂ ਤੋੜਕੇ ਧਤੂਰੜੇ ਦਾ ਫੁੱਲ ਖਾ ਲਿਆ
ਵੇ ਮੈਂ ਜੀਭ ਉੱਤੇ ਪੋਹਲੀਏ ਦਾ ਪੱਤ ਸੀ ਲਿਆ ।

ਵੇ ਮੈਂ ਗ਼ਮਾਂ ਦੇ ਦੁਖੀਂਦੇ ਨੈਣੀਂ ਕੂੰਜ ਹੈ ਛੁਹਾਈ
ਮੈਥੋਂ ਮੱਸਿਆ ਨੇ ਕਾਲਖਾਂ ਦਾ ਮੁੱਲ ਬੀ ਲਿਆ ।

ਮੇਰੇ ਵਿਹੜੇ ਵਿਚ ਉੱਗੂ ਕਦੇ ਸੂਰਜ ਦਾ ਰੁੱਖ
ਏਸੇ ਆਸ ਦੇ ਸਹਾਰੇ ਅੱਜ ਤੀਕ ਜੀ ਲਿਆ ।

ਤੇਰੇ ਪਿਆਰ ਦੇ ਨਿਆਜ਼-ਬੋ ਦੀ ਮਿੱਠੜੀ ਸੁਗੰਧ
ਮੇਰੀ ਹਿੱਕੜੀ ‘ਚ ਅਜੇ ਵੀ ਹੈ ਜਾਗਦੀ ਪਈ ।

ਭਾਵੇਂ ਘੁੱਗੀ ਮਾੜੀ ਜਿੰਦੜੀ ਦੇ ਟੁੱਟ ਗਏ ਨੇ ਪਰ
ਪਰ ਅਜੇ ਵੀ ਉਡਾਰੀਆਂ ਨੂੰ ਝਾਗਦੀ ਪਈ ।

ਮੈਂ ਉਹ ਚੰਦਰੀ ਹਾਂ ਜਿਦ੍ਹੀ ਪਹਿਲਾਂ ਸੈਂਤ ਹੋ ਗਈ
ਪਿੱਛੋਂ ਨੱਕ ਵਿਚ ਨੱਥ ਨਾ ਸੁਹਾਗ ਦੀ ਪਈ ।

ਮੇਰੇ ਲੇਖਾਂ ਦੇ ਸ਼ਤੂਤੀਂ ਭਾਵੇਂ ਲੱਗਿਆ ਮਖੀਰ
ਮੈਨੂੰ ਸਦਾ ਮੱਟੀ ਚੂਪਣੀ ਹੈ ਆਗ ਦੀ ਪਈ ।

ਜਿਨ੍ਹਾਂ ਖਿੱਤੀਆਂ ‘ਚ ਬੀਜੇ ਸੀ ਮੈਂ ਤਾਰਿਆਂ ਦੇ ਬੀ
ਉਨ੍ਹਾਂ ਖਿੱਤੀਆਂ ‘ਚ ਭੱਖੜਾ ਭੁਘਾਟ ਉੱਗਿਆ ।

ਜਹੀ ਲੜੀ ਮੇਰੇ ਕਾਲਜੇ ਤੋਂ ਬ੍ਰਿਹੋਂ ਦੀ ਧਮੂੜੀ
ਮੇਰੇ ਜੇਰਿਆਂ ਦਾ ਅਰਸ਼ ਤੇ ਪਤਾਲ ਸੁੱਜਿਆ ।

ਬੈਠੀ ਕੱਢ ਰਹੀ ਸਾਂ ਆਸ ਦਾ ਬਲ੍ਹੰਬਰੀ ਰੁਮਾਲ
ਤੇਜ਼ ਗ਼ਮਾਂ ਦੀ ਹਵਾ ਦੇ ਨਾਲ ਦੂਰ ਉੱਡਿਆ ।

ਮੈਨੂੰ ਦੁੱਖ ਹੈ ਕਿ ਡੁੱਬੀ ਮੇਰੀ ਰੱਕੜਾਂ ਦੀ ਬੇੜੀ
ਇਹ ਨਹੀਂ ਦੁੱਖ ਮੇਰਾ ਪੂਰ ਕਿਉਂ ਨਾ ਪਾਰ ਪੁੱਜਿਆ ।

ਮੈਨੂੰ ਜਦੋਂ ਮੇਰੇ ਦੁੱਖਾਂ ਦਾ ਖ਼ਿਆਲ ਆ ਗਿਆ
ਗੀਤਾਂ ਮੇਰਿਆਂ ਅੰਞਾਣਿਆਂ ਨੂੰ ਗਸ਼ ਪੈ ਗਈ ।

ਮੇਰੇ ਹਾਸਿਆਂ ਦੇ ਮੁੱਖ ‘ਤੇ ਤ੍ਰੇਲੀ ਆ ਗਈ
ਮੇਰੀ ਸੋਚ ਮੇਨੂੰ ਤਾਰਿਆਂ ਤੋਂ ਪਾਰ ਲੈ ਗਈ ।

ਮੇਰੀ ਚੁੱਪ ਦੇ ਸਰੋਵਰਾਂ ‘ਚ ਜੀਭ ਡੁੱਬ ਮੋਈ
ਗਾਹ ਗਾਹ ਹੰਝੂਆਂ ਦੇ ਗਾਹ ਮੇਰੀ ਅੱਖ ਚੈ ਗਈ ।

ਇਕ ਤੇਰੀ ਦੂਜੇ ਤੇਰੀ ਸਾਰੀ ਧਰਤੀ ਦੀ ਪੀੜ
ਤੇਰੀ ਥੁੜ ਮੇਰੇ ਨਾਂ ਅੱਜ ਕਰ ਬੈ ਗਈ ।

ਤੇਰੇ ਮੇਲ ਦੀ ਅਸਾਨੂੰ ਚੰਨਾ ਜਹੀ ਔੜ ਲੱਗੀ
ਮੇਰੇ ਸਾਹਾਂ ਦੀਆਂ ਮੁੰਜਰਾਂ ‘ਚੋਂ ਦੁੱਧ ਸੁੱਕਿਆ ।

ਮੇਰੇ ਵਾਲਾਂ ਦੀਆਂ ਥੱਬੀਆਂ ‘ਚ ਰਾਤ ਸੌਂ ਗਈ
ਮੇਰੇ ਨੈਣਾਂ ਦੀਆਂ ਬੌਲੀਆਂ ‘ਚੋਂ ਨੀਰ ਮੁੱਕਿਆ ।

ਮੈਥੋਂ ਪੁੱਛੀ ਜਦੋਂ ਕਿਸੇ ਮੇਰੇ ਪਿਆਰ ਦੀ ਕਹਾਣੀ
ਗਿਆ ਫੁੱਲੀਂ ਬੈਠੇ ਭੌਰਿਆਂ ਦਾ ਬੁੱਲ੍ਹ ਟੁੱਕਿਆ ।

ਤੇਰੇ ਪਿਆਰ ਦੀ ਨਿਸ਼ਾਨੀ ਛੱਲਾ ਇਵੇਂ ਅੱਜ ਲੱਗੇ
ਜਿਵੇਂ ਚੀਚੀ ਉੱਤੇ ਗ਼ਮਾਂ ਦਾ ਪਹਾੜ ਚੁੱਕਿਆ ।

ਰੱਬ ਇਕ ਵਾਰੀ ਤੇਰਾ ਮੇਰਾ ਮੇਲ ਜੋ ਕਰਾਏ
ਸਹੁੰ ਤੇਰੀ ਸਾਰੇ ਥਲਾਂ ਦੀ ਭੜਾਸ ਸੀਕ ਲਾਂ ।

ਮੇਰੇ ਸਾਹਵੇਂ ਖੜ੍ਹੀ ਮੌਤ ਨੂੰ ਮੈਂ ਗੋਲੀ ਮਾਰਦਾਂ
ਬੁਝੀ ਲੇਖਾਂ ਦੀ ਲਕੀਰ ਚੰਨ ਆਪ ਲੀਕ ਲਾਂ ।

ਹੱਥੀਂ ਲਿੱਲਾਂ ਉੱਤੇ ਮਾਖਿਓਂ ਦੀ ਚਾਸ਼ਨੀ ਚੜ੍ਹਾਵਾਂ,
ਵੇ ਮੈਂ ਕੱਚੀਆਂ ਨਮੋਲੀਆਂ ‘ਚੋਂ ਜ਼ਹਿਰ ਡੀਕ ਲਾਂ ।

ਇਕੋ ਛਾਲ ਮਾਰ ਟੱਪ ਜਾਂ ਸਮੁੰਦਰਾਂ ਤੋਂ ਪਾਰ
ਡੁੱਬ ਮਰਾਂ ਜੇ ਮੈਂ ਪਾਣੀਆਂ ਨੂੰ ਪੈਰ ਤੀਕ ਲਾਂ ।