Shiv Kumar Batalvi – Apni saalgirah te
ਬਿਰਹਣ ਜਿੰਦ ਮੇਰੀ ਨੀ ਸਈਓ
ਕੋਹ ਇਕ ਹੋਰ ਮੁਕਾਇਆ ਨੀ ।
ਪੱਕਾ ਮੀਲ ਮੌਤ ਦਾ ਨਜ਼ਰੀਂ
ਅਜੇ ਵੀ ਪਰ ਨਾ ਆਇਆ ਨੀ ।
ਵਰ੍ਹਿਆਂ ਨਾਲ ਉਮਰ ਦਾ ਪਾਸ਼ਾ
ਖੇਡਦਿਆਂ ਮੇਰੀ ਦੇਹੀ ਨੇ,
ਹੋਰ ਸਮੇਂ ਹੱਥ ਸਾਹਵਾਂ ਦਾ
ਇਕ ਸੰਦਲੀ ਨਰਦ ਹਰਾਇਆ ਨੀ ।
ਆਤਮ-ਹੱਤਿਆ ਦੇ ਰਥ ਉੱਤੇ
ਜੀ ਕਰਦੈ ਚੜ੍ਹ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ
ਪਰ ਕਿਥੋਂ ਦਿਆਂ ਕਿਰਾਇਆ ਨੀ ।
ਅੱਜ ਕਬਰਾਂ ਦੀ ਕੱਲਰੀ ਮਿੱਟੀ
ਲਾ ਮੇਰੇ ਮੱਥੇ ਮਾਏ ਨੀਂ
ਇਸ ਮਿੱਟੜੀ ‘ਚੋਂ ਮਿੱਠੜੀ ਮਿੱਠੜੀ
ਅੱਜ ਖ਼ੁਸ਼ਬੋਈ ਆਏ ਨੀ ।
ਲਾ ਲਾ ਲੂਣ ਖੁਆਏ ਦਿਲ ਦੇ
ਡੱਕਰੇ ਕਰ ਕਰ ਪੀੜਾਂ ਨੂੰ
ਪਰ ਇਕ ਪੀੜ ਵਸਲ ਦੀ ਤਾਂ ਵੀ
ਭੁੱਖੀ ਮਰਦੀ ਜਾਏ ਨੀ ।
ਸਿਦਕ ਦੇ ਕੂਲੇ ਪਿੰਡੇ ‘ਤੇ
ਅੱਜ ਪੈ ਗਈਆਂ ਇਉਂ ਲਾਸ਼ਾਂ ਨੀ
ਜਿਉਂ ਤੇਰੇ ਬੱਗੇ ਵਾਲੀਂ ਕੋਈ
ਕਾਲਾ ਨਜ਼ਰੀਂ ਆਏ ਨੀ ।
ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ
ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚੱਲਿਆ ਮੈਨੂੰ ਘੁੱਟ-ਘੁੱਟ ਕਰਕੇ
ਗ਼ਮ ਦਾ ਮਿਰਗ ਪਿਆਸਾ ਨੀ ।
ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀਓ
ਘਟਿਆ ਸੀਤ ਨਾ ਮਾਸਾ ਨੀ ।
ਤਾਪ ਤ੍ਰਈਏ ਫ਼ਿਕਰਾਂ ਦੇ ਨੀ
ਮਾਰ ਮੁਕਾਈ ਜਿੰਦੜੀ ਨੀ,
ਲੂਸ ਗਿਆ ਹਰ ਹਸਰਤ ਮੇਰੀ
ਲੱਗਿਆ ਹਿਜਰ ਚੁਮਾਸਾ ਨੀ ।
ਪੀੜਾਂ ਪਾ ਪਾ ਪੂਰ ਲਿਆ
ਮੈਂ ਦਿਲ ਦਾ ਖੂਹ ਖਾਰਾ ਨੀ ।
ਪਰ ਬਦਬਖਤ ਨਾ ਸੁੱਕਿਆ ਅੱਥਰਾ
ਇਹ ਕਰਮਾਂ ਦਾ ਮਾਰਾ ਨੀ ।
ਅੱਧੀ ਰਾਤੀਂ ਉੱਠ ਉੱਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ
ਮਾਰ ਦੁਹੱਥੜਾਂ ਪਿੱਟਾਂ ਜਦ ਮੈਂ
ਟੁੱਟ ਜਾਏ ਕੋਈ ਤਾਰਾ ਨੀ ।
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗ਼ਮਾਂ ਦੇ ਸੱਥਰ ਸੌਂ ਸੌਂ
ਜੋੜੀਂ ਬਹਿ ਗਿਆ ਪਾਰਾ ਨੀ ।
ਸਈਓ ਰੁੱਖ ਹਯਾਤੀ ਦੇ ਨੂੰ
ਕੀਹ ਪਾਵਾਂ ਮੈਂ ਪਾਣੀ ਨੀ ।
ਸਿਉਂਕ ਇਸ਼ਕ ਦੀ ਫੋਕੀ ਕਰ ਗਈ
ਇਹਦੀ ਹਰ ਇਕ ਟਾਹਣੀ ਨੀ ।
ਯਾਦਾਂ ਦਾ ਕਰ ਲੋਗੜ ਕੋਸਾ
ਕੀ ਮੈਂ ਕਰਾਂ ਟਕੋਰਾਂ ਨੀ ।
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਝ ਨਾ ਜਾਣੀ ਨੀ ।
ਡੋਲ੍ਹ ਇਤਰ ਮੇਰੀ ਜ਼ੁਲਫ਼ੀਂ ਮੈਨੂੰ
ਲੈ ਚੱਲੇ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ
ਚੰਬੜ ਜਾਵਣ ਹਾਣੀ ਨੀ ।