Surjit Singh Patar – Ikk di raashi dhart si ikk di raashi agan si
ਇਕ ਦੀ ਰਾਸ਼ੀ ਧਰਤ ਸੀ, ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿਚ ਲੀਨ ਸੀ, ਇਕ ਜਾਲਣ ਵਿਚ ਮਗਨ ਸੀ
ਇਕ ਬੰਦੇ ਦੀ ਸੋਚ ਨੇ, ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ, ਦੀਵੇ ਲਗ ਪਏ ਜਗਣ ਸੀ
ਧਾਤ ਨੂੰ ਤਾਰ ‘ਚ ਢਾਲਿਆ, ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ, ਅਸਲੀ ਗੱਲ ਤਾਂ ਲਗਨ ਸੀ
ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ, ਜਿਸ ਵਿਚ ਹਰ ਸ਼ੈ ਮਗਨ ਸੀ
ਖਿੱਚਾਂ ਕੁਝ ਮਜਬੂਰੀਆਂ, ਕੁਝ ਨੇੜਾਂ, ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ, ਅੰਬਰ ਲੱਗ ਪਿਆ ਜਗਣ ਸੀ
ਪਹਿਲਾਂ ਦਿਲ ਵਿਚ ਖੜਕੀਆਂ, ਫਿਰ ਸਾਜ਼ਾਂ ਵਿਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ, ਇਕ ਛੁਪਿਆ ਇਕ ਨਗਨ ਸੀ
ਮਨ ਤੇ ਪਰਦੇ ਪਹਿਨ ਕੇ, ਉਸ ਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫਾਫ ਜੋ ਧੁੱਪਾਂ ਵਾਂਗੂੰ ਨਗਨ ਸੀ
ਤਾਰਾਂ ਵਾਂਗ ਮਹੀਨ ਸੀ, ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ