Surjit Singh Patar – Ban rhe haan bandian ton fer pathar
ਬਣ ਰਹੇ ਹਾਂ ਬੰਦਿਆਂ ਤੋਂ ਫੇਰ ਪੱਥਰ
ਫੇਰ ਮਿੱਟੀ
ਫੇਰ ਪਾਣੀ
ਬਣ ਰਹੇ ਹਾਂ ਪੰਕਤੀਆਂ ਤੋਂ ਫੇਰ ਲਫ਼ਜ਼
ਅਤੇ ਲਫ਼ਜ਼ੋਂ
ਚਾਂਗਰਾਂ
ਚੀਕਾਂ
ਚਿੰਘਾੜਾਂ
ਧਰਤ ਪੁੱਠੀ ਗਿੜ ਰਹੀ ਹੈ
ਖ਼ੌਫ਼ ਨਾਲ
ਖਾ ਰਹੀ ਹੈ ਰੁੱਖ ਮਿੱਟੀ
ਮੁੜ ਰਹੇ ਨੇ ਨੀਰ ਅਪਣੇ ਸੋਮਿਆਂ ਨੂੰ
ਪਰਤਦੇ ਨੇ ਫੁੱਲ ਪਿਛਾਹਾਂ
ਸੁੱਟ ਕੇ ਇਹ ਸਾਜ਼
ਇਹ ਪਾਵਨ ਕਿਤਾਬਾਂ
ਇਹ ਪਿਆਰੇ ਮੁੱਖੜੇ
ਦੌੜ ਉਠਾਂਗੇ ਸਿਰਫ਼ ਇਕ ਜਾਨ ਲੈ ਕੇ
ਬਣ ਰਹੇ ਹਾਂ ਬੰਦਿਆਂ ਤੋਂ ਸਿਰਫ਼ ਜਾਨਾਂ