Punjabi Poetry

Ajaib Chitrakar – Panchhi Hova


ਪੰਛੀ ਹੋਵਾਂ ਬਣ ਵਸਾਂ,
ਉਡਦਾ ਫਿਰਾਂ ਅਭੋਲ,
ਗਾ ਗਾ ਗੀਤ ਰਸੀਲੜੇ,
ਕਰਦਾ ਰਹਾਂ ਕਲੋਲ ।

ਜਿਸ ਥਾਂ ਤੇ ਜਦ ਜੀ ਕਰੇ,
ਚੁਗਾਂ ਸੁਆਦੀ ਚੋਗ ।
ਕੋਈ ਗ਼ਮ ਨਾ ਛੁਹ ਸਕੇ,
ਰਹਿਵਾਂ ਸਦਾ ਅਰੋਗ ।

ਨਿਕਲ ਆਲ੍ਹਣੇ ਅੰਦਰੋਂ,
ਅਪਣੇ ਹਾਣੀ ਨਾਲ ।
ਪਹੁ ਦੀ ਲਾਲੀ ਵਿਚ ਨ੍ਹਾ,
ਹੋਵਾਂ ਲਾਲੋ ਲਾਲ ।

ਏਹੋ ਮੇਰੀ ਰੀਝ ਹੈ,
ਏਹੋ ਮੇਰੀ ਮੰਗ ।
ਰੱਜ ਰੱਜ ਕੇ ਮਾਣ ਲਾਂ,
ਮੈਂ ਕੁਦਰਤ ਦੇ ਰੰਗ ।

ਇਹ ਕੁਦਰਤ ਦੇ ਰੰਗ ਹੀ,
ਰਹੇ ਨੇ ਖਿੱਚਾਂ ਪਾ ।
ਗੂਹੜੇ ਇਹਨਾਂ ਵਾਂਗ ਹਨ,
ਮੇਰੇ ਮਨ ਦੇ ਚਾ ।

ਇਕ ਇਕ ਕਿਣਕੇ ਅੰਦਰੋਂ,
ਕੁਦਰਤ ਕਹੇ ਪੁਕਾਰ :
‘ਆ ਜਾ ਮੇਰੀ ਗੋਦ, ਜੇ
ਰਜਵਾਂ ਲੋੜੇਂ ਪਿਆਰ’ ।

ਸੁਣ ਸੁਣ ਵਾਜਾਂ ਉਹਦੀਆਂ,
ਤੜਫੇ ਦਿਲ ਦੀ ਚਾਹ,
ਸੌੜੇ ਏਸ ਸਮਾਜ ਤੋਂ,

ਹੁਟਦਾ ਜਾਵੇ ਸਾਹ ।

ਇਕ ਰੋਟੀ ਦੀ ਫ਼ਿਕਰ ਹੀ,

ਲੈਂਦੀ ਖ਼ੁਸ਼ੀਆਂ ਚੱਟ ;

ਆਉਂਦਾ ਮੁੜ ਅੰਗੂਰ ਨਾ,

ਐਸੇ ਲੱਗਣ ਫੱਟ ।

ਪੰਛੀ ਹੋਵਾਂ ਬਣ ਵਸਾਂ,

ਉਡਦਾ ਫਿਰਾਂ ਅਭੋਲ,

ਗਾ ਗਾ ਗੀਤ ਰਸੀਲੜੇ,

ਕਰਦਾ ਰਹਾਂ ਕਲੋਲ ।