Punjabi Poetry

Ajaib Chitrakar – Baiyan te bandar


ਇਕ ਬਈਏ ਨੇ ਕੱਠਿਆਂ,
ਕਰ ਕੇ ਸੁੱਕਾ ਘਾ ।
ਬੁਣਿਆ ਅਪਣਾ ਆਲ੍ਹਣਾ,
ਪੂਰਾ ਕੀਤਾ ਚਾ ।

ਰੱਖਨੇ ਰਖੇ ਓਸ ਵਿਚ,
ਤੇ ਦਰਵਾਜ਼ਾ ਇੱਕ ।
ਲੋੜ ਸਮੇਂ ਜੋ ਹੋ ਸਕੇ,
ਪੂਰੀ ਮਨ ਦੀ ਸਿੱਕ ।

ਰਹਿ ਸੱਕਣ ਜੋ ਬੱਚੜੇ,
ਉਸ ਦੇ ਨਾਲ ਅਰਾਮ ।
ਰੈਨ-ਬਸੇਰਾ ਕਰ ਲਵੇ,
ਜਦ ਪੈ ਜਾਵੇ ਸ਼ਾਮ ।

ਕੱਕਰ, ਲੂ ਤੋਂ ਬਚ ਸਕੇ,
ਨਿੱਕੀ ਕੋਮਲ ਜਿੰਦ,
ਚੋਗਾ ਚੁਗ ਚੁਗ ਥੱਕ ਕੇ,
ਸਾਹ ਲੈ ਸੱਕੇ ਬਿੰਦ ।

ਸਰਦੀ ਦੀ ਇਕ ਸ਼ਾਮ ਨੂੰ,
ਬੈਠ ਆਲ੍ਹਣੇ ਕੋਲ ।
ਕਰਦਾ ਓਹੋ ਆਪ ਸੀ,
ਅਪਣੇ ਨਾਲ ਕਲੋਲ ।

ਠੁਰ ਠੁਰ ਕਰਦਾ ਸੁਕੜਦਾ,
ਪਾਲੇ ਹੱਥੋਂ ਤੰਗ ।
ਬਾਂਦਰ ਅੱਡੀਆਂ ਰਗੜਦਾ,
ਆਇਆ ਨੰਗ-ਮਲੰਗ ।

ਵਗਦਾ ਠੱਕਾ ਓਸ ਨੂੰ,
ਲੈਣ ਨਾ ਦਿੰਦਾ ਟੇਕ ।
ਚਾਹੇ, ਕਿਧਰੋਂ ਮਿਲ ਸਕੇ,
ਉਹਨੂੰ ਨਿੱਘਾ ਸੇਕ ।

ਕਰੀਆਂ ਉਸ ਨੇ ਕੋਸ਼ਿਸ਼ਾਂ,
ਚੜ੍ਹੀ ਨਾ ਕੋਈ ਤੋੜ;
ਹੱਡੀਂ ਰਚ ਗਈ ਠੰਢ ਤੇ,
ਦੁਖਣ ਲਗੇ ਜੋੜ ।

ਉਸ ਦੀ ਹਾਲਤ ਦੇਖ ਕੇ,
ਬਈਏ ਕਿਹਾ ਪੁਕਾਰ :
‘ਕਰਨੀ ਫ਼ਿਕਰ ਸਿਆਲ ਦੀ,
ਸੀ ਤੂੰ ਪਹਿਲੋਂ ਯਾਰ !

ਮੈਂ ਤੈਥੋਂ ਹਾਂ ਨਿੱਕੜਾ,
ਪਰ ਜਤਨਾਂ ਦੇ ਨਾਲ ।
ਕੀਤਾ ਮੁਸ਼ਕਲ ਹੱਲ ਹੈ,
ਅਪਣਾ ਆਪ ਸਵਾਲ ।

ਜੇ ਤੂੰ ਵੀ ਕੁਛ ਸੋਚਦਾ,
ਰਖਦਾ ਕੋਈ ਤਾਂਘ ।
ਘਰ ਦਾ ਮਾਲਕ ਅੱਜ ਤੂੰ,
ਹੁੰਦਾ ਮੇਰੇ ਵਾਂਗ’ ।

ਸੁਣ ਬਈਏ ਦੀ ਗੱਲ ਨੂੰ,
ਬਾਂਦਰ ਕੀਤੀ ਝੱਟ ।
ਚੜ੍ਹ ਕੇ ਰੁਖ ਤੇ ਆਲ੍ਹਣਾ,
ਕੀਤਾ ਚੌੜ ਚੁਪੱਟ ।

ਬੁਣਿਆ ਸੀ ਜੋ ਓਸ ਨੇ,
ਪੂਰੀ ਮਿਹਨਤ ਨਾਲ ।
ਪੱਟੀ ਉਸ ਦੀ ਜੱਖਣਾ,
ਕੀਤਾ ਭੈੜਾ ਹਾਲ ।

ਵਾਹ ਬਈਏ ਦੀ ਗਈ ਨਾ,
ਹੋਇਆ ਬਹੁਤ ਲਚਾਰ,
ਕਿਸੇ ਸਿਆਣੇ ਆਖਿਆ,
ਤਾਹੀਂ ਸੋਚ ਵਿਚਾਰ :

“ਸੀਖ ਤਾਂ ਕੋ ਦੀਜੀਏ,
ਜਾਂ ਕੋ ਸੀਖ ਸੁਖਾਇ ।
ਸੀਖ ਨ ਦੀਜੇ ਬਾਂਦਰਾਂ,
ਜੋ ਬਈਏ ਦਾ ਘਰ ਢਾਇ” ।