Punjabi Poetry

Harmanjeet Singh – Supan slaayi


ਸੁਪਨ ਸਲਾਈ

ਨੀਂਦ ਵੇ ਅਸਾਡੜੀ ਦੇ
ਨੈਣਾਂ ਵਿੱਚ ਤਾਰਿਆ ਤੂੰ
ਪਾਜਾ ਇੱਕ ਸੁਪਨ ਸਲਾਈ ਵੇ
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ ਚੋਂ ਉੱਡਦੀ ਏ
ਹਾੜ੍ਹਾ ਓਹਦੇ ਪਿੰਡ ਲੈ ਕੇ ਜਾਈਂ ਵੇ|

ਓਹਦੇ ਪਿੰਡ ਜਾਣ ਨੂੰ
ਸੰਵਾਈ ਜੋੜੀ ਜੁੱਤੀਆਂ ਦੀ
ਪੈਰਾਂ ਵਿੱਚ ਲਵਾਂ ਕਿੰਝ ਪਾ ਵੇ
ਓਹਦੇ ਪਿੰਡ ਜਾਣਾ ਅਸੀਂ
ਨੰਗੇ ਨੰਗੇ ਪੈਰੀਂ, ਸਾਨੂੰ
ਫੁੱਲਾਂ ਜਿਹੇ ਰੋੜਿਆਂ ਦਾ ਚਾਅ ਵੇ।

ਓਹਦੇ ਪਿੰਡ ਤਾਰਿਆ ਵੇ
ਦੂਧੀਆ ਪਹਾੜੀਆ ਦੀ
ਕੋਠਿਆਂ ਤੋਂ ਪੈਂਦੀ ਝਲਕਾਰ ਵੇ,
ਓਹਦੇ ਪਿੰਡ ਤਾਰਿਆ
ਫ਼ਕੀਰ ਜਿਹੜੇ ਭੌਂਦੇ ਰਹਿੰਦੇ
ਮੋਰਾਂ ਵਾਲੀ ਬਗਲੀ ਦੇ ਯਾਰ ਵੇ।

ਮੌਸਮਾਂ ਦੇ ਪਿੰਡੇ ਉੱਤੇ
ਮਲਿਆ ਏ ਲੇਪ ਕੀਹਨੇ
ਜੰਗਲੀ ਅਨਾਰਾਂ ਨੂੰ ਨਿਚੋੜ ਕੇ
ਓਹਦੇ ਪਿੰਡ ਆਉਂਦੀਆਂ
ਨਾਰੰਗੀ ਬਦਲੋਟੀਆਂ ਵੇ
ਤੁਰਦੀਆਂ ਪੱਬ ਨੂੰ ਮਰੋੜ ਕੇ।

ਓਹਦੇ ਪਿੰਡ ਵਾਸ਼ਨਾ ਨੂੰ
ਚੁੰਨੀਆਂ ਨਾ’ ਬੰਨ੍ਹ ਬੰਨ੍ਹ
ਨੱਚਦੀਆਂ ਧੀਆਂ ਵੇ ਧਿਆਣੀਆਂ
ਓਹਦੇ ਪਿੰਡ ਤਾਰਿਆ ਵੇ
ਅੱਕ ਵੀ ਗੁਲਾਬ ਲੱਗੇ
ਬੂਈਆਂ ਜਿਵੇਂ ਰਾਤ ਦੀਆਂ ਰਾਣੀਆਂ।

ਤਾਰਿਆ ਵੇ ਗੰਨਿਆਂ ਦੇ
ਪੱਤਰਾਂ ਦੇ ਨਾਲ ਜਦੋਂ
ਖਹਿੰਦੀਆਂ ਹਵਾਵਾਂ ਸ਼ਾਮ-ਰੰਗੀਆਂ
ਓਦੋਂ ਸਾਡਾ ਚਿੱਤ ਕਰੇ
ਓਹਦੇ ਪਿੰਡ ਮੁੱਕਣੇ ਨੂੰ
ਐਸੀਆਂ ਵੇ ਮੌਤਾਂ ਲੱਖ ਚੰਗੀਆਂ।

ਨੀਂਦ ਵੇ ਅਸਾਡੜੀ ਦੇ
ਨੈਣਾਂ ਵਿੱਚ ਤਾਰਿਆ ਤੂੰ
ਪਾਜਾ ਇੱਕ ਸੁਪਨ ਸਲਾਈ ਵੇ
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ ਚੋਂ ਉੱਡਦੀ ਏ
ਹਾੜ੍ਹਾ ਓਹਦੇ ਪਿੰਡ ਲੈ ਕੇ ਜਾਈਂ ਵੇ|