Harmanjeet Singh – Mishri de kujje
ਮਿਸ਼ਰੀ ਦੇ ਕੁੱਜੇ
ਵਣ ਦੀਆਂ ਛਾਵਾਂ, ਫੁੱਲ ਕਬੂਦੀ
ਵਕਤ ਨੂੰ ਰੰਗਤ ਚੜ੍ਹ ਗਈ ਦੂਧੀ
ਟਾਹਣਾਂ ਦੇ ਨਾਲ਼ ਜਦ ਵੀ
ਪੋਟੇ ਘਿਸਰੀਦੇ
ਰੋਹੀ ਦੇ ਵਿੱਚ ਨੱਚਣ
ਕੁੱਜੇ ਮਿਸ਼ਰੀ ਦੇ।
ਰਾਮਾ ਰਾਮਾ ਤੇਰੀ ਸ਼ਬਰੀ
ਭੱਜੀ ਫਿਰਦੀ ਹਾਂ ਬੇਖ਼ਬਰੀ
ਮਿੱਧ-ਮਿੱਧ ਕੰਡੇ
ਤੋੜ ਲਿਆਈ ਬੇਰਾਂ ਨੂੰ
ਸੁੱਚਾ ਕਰ ਜਾਓ
ਮਾਸ-ਮਿੱਟੀ ਦਿਆਂ ਢੇਰਾਂ ਨੂੰ ।
ਨੈਣੀਂ ਉੱਡਣ ਘੁੱਗੀਆਂ-ਕੋਲਾਂ
ਇਹ ਗੱਲਾਂ ਮੈਂ ਕਿਸ ਨਾ’ ਖੋਲ੍ਹਾਂ ?
ਵੰਗ ਮਾਰਦੀ ਸੈਨਤ
ਚੜ੍ਹੇ ਤੂਫ਼ਾਨਾਂ ਨੂੰ
ਹੁਣ ਤਾਂ ਚੁੰਨੀ ਢਕ ਲੈਂਦੀ
ਅਸਮਾਨਾਂ ਨੂੰ।
‘ਤੂ ਦਰਿਆਉ ਦਾਨਾ ਬੀਨਾ’
ਭੱਖੜੇ ਉੱਤੇ ਨੱਚ ਮਸਕੀਨਾ
ਧਰਤ ਬਣਾ ਕੇ ਹੁਜਰਾ
ਸੂਰਜ ਬਾਲ਼ਦਿਆਂ
ਰੱਬ ਵਰਗੇ ਹੀ ਹੋ ਗਏ
ਰੱਬ ਨੂੰ ਭਾਲ਼ਦਿਆਂ ।
ਰੁੱਖਾਂ ਦੇ ਵਿੱਚ ਵੜ ਕੇ ਰੋਈਆਂ
ਅਕਲਾਂ ਤੋਤਲੀਆਂ ਨੇ ਹੋਈਆਂ
ਕਾਗ ਪਏ ਨੇ ਸੁੱਤੇ
ਨੰਗਿਆਂ ਟਾਹਣਾਂ ‘ਤੇ
ਇਸ਼ਕ ਮਿਲਾਵੇ ਤਾਲਾਂ
ਰੱਬ ਦਿਆਂ ਗਾਣਾਂ ‘ਤੇ ।
ਜਦ ਉੱਚਿਆਂ ਬਾਜ਼ਾਂ ਦੇ ਹਾਣੀ
ਲੰਘਣ ਦੇਸ ਮਾਲਵੇ ਥਾਣੀਂ
ਟਿੱਬੇ ਭਰਦੇ ਸਾਖੀ
ਹਰੀਆਂ ਵੇਲਾਂ ਦੀ
ਸਮਝ ਕਿਸੇ ਨਾ ਆਈ
ਤੇਰੀਆਂ ਖੇਲਾਂ ਦੀ ।
Mishri de kuje poem de arth samjao ji.