Punjabi Poetry

Ashraf Sharfi – ban ke noor nazaare raat


ਬਣ ਕੇ ਨੂਰ ਨਜ਼ਾਰੇ ਰਾਤ

ਬਣ ਕੇ ਨੂਰ ਨਜ਼ਾਰੇ ਰਾਤ ।
ਵੰਡਦੀ ਚੈਨ ਸਹਾਰੇ ਰਾਤ ।

ਹੁੰਮ ਹੁਮਾ ਕੇ ਨ੍ਹੇਰੇ ਆਵਣ,
ਜ਼ੁਲਫ਼ਾਂ ਜਦੋਂ ਖਿਲਾਰੇ ਰਾਤ ।

ਇਹ ‘ਤੇ ਚਿੱਟਾ ਦਿਨ ਦੱਸੇਗਾ,
ਕੀ ਕੁੱਝ ਕਰ ਗਈ ਕਾਰੇ ਰਾਤ ।

ਲੈ ਲੈ ਬਾਹਾਂ ਵਿੱਚ ਇਕਲਾਪੇ,
ਚੰਨ ਨੂੰ ਵਾਜਾਂ ਮਾਰੇ ਰਾਤ ।

ਦਿਨ ਵੀ ਲੰਘਿਆ ਯਾਦਾਂ ਦੇ ਵਿੱਚ,
ਕੱਟੀ ਗਿਣ ਗਿਣ ਤਾਰੇ ਰਾਤ ।

ਵੰਡਦੀ ਰਹਿੰਦੀ ਮੇਰੇ ਦੁੱਖੜੇ,
ਆ ਕੇ ਨਦੀ ਕਿਨਾਰੇ ਰਾਤ ।

‘ਸ਼ਰਫ਼ੀ’ ਵਾਂਗੂੰ ਵਿੱਚ ਫ਼ਿਰਾਕਾਂ,
ਰੋ ਰੋ ਰਾਤ ਗੁਜ਼ਾਰੇ ਰਾਤ ।