Harmanjeet Singh – Azaad kitabaan
ਆਜ਼ਾਦ ਕਿਤਾਬਾਂ
ਲਾਲ ਭੂਸਲੇ ਵਣਾਂ ‘ਤੇ
ਉੱਡਦੇ ਪੰਛੀ
ਕਿਸੇ ਭਰਮ ਦਾ ਸ਼ਿਕਾਰ ਨਹੀਂ ਹੁੰਦੇ।
ਸਾਇਆਦਾਰ ਦਰਖ਼ਤਾਂ ਥੱਲੇ
ਚੁੰਗੀਆਂ ਭਰਦੀ ਹਰਨੀ
ਸੌ ਫ਼ਲਸਫ਼ਿਆਂ ਦਾ ਸਾਰ ਹੁੰਦੀ ਹੈ।
ਸਕੂਲ ਕਿੱਕਰਾਂ ਦੇ ਵੀ ਹੁੰਦੇ ਨੇ।
ਪੜ੍ਹਾਈ ਕਿਰਦੇ ਤੁੱਕਿਆਂ ਦੀ ਵੀ ਹੁੰਦੀ ਹੈ।
ਜੰਗਲੀ ਖੇਤਾਂ ‘ਚ ਬੈਠੀ
ਨਵੀਂ ਬਹੂ ਵਰਗੀ ਧੁੱਪ ਨੂੰ ਦੇਖਣਾ ਵੀ
‘ਉੱਚ-ਵਿੱਦਿਆ’ ਹੀ ਹੁੰਦਾ ਹੈ।
ਨੀਲੀਆਂ ਪਾਕ ਉਚਾਈਆਂ ਹਰ ਸਵਾਲ ਦਾ
ਜਵਾਬ ਦਿੰਦੀਆਂ ਨੇ।
ਹਵਾ ਕਦੇ ਪੁਰਾਣੀ ਨਹੀਂ ਹੁੰਦੀ।
ਚੰਨ ਕਦੇ ਮੈਲਾ ਨਹੀਂ ਹੁੰਦਾ।
ਮਲ੍ਹਿਆਂ ਨੂੰ ਰੇਤਾ ਹੀ ਚਾਹੀਦਾ ਹੁੰਦਾ।
ਪੱਥਰਾਂ ਦੀ ਗਤੀ ਢਲਾਨਾਂ ‘ਤੇ ਹੀ ਬਣਦੀ ਹੈ।
ਕੱਚੀਆਂ ਪਗਡੰਡੀਆਂ ਨੂੰ ਬੜੇ
ਰਹੱਸ ਪਤਾ ਹੁੰਦੇ ਨੇ।
ਧਰਤੀ ਕੱਖਾਂ ਦਾ ਬੜਾ ਮੋਹ ਕਰਦੀ ਹੈ।
ਮੱਖੀਆਂ-ਭੌਰਿਆਂ ਦੀ ਅਵਾਜ਼ ਨਾਲ ਗੂੰਜਦੀਆਂ
ਅੰਗੂਰਾਂ ਦੀਆਂ ਸ਼ਾਹ-ਸਬਜ਼ ਵੇਲਾਂ
ਬਿਨ-ਵਰਕਿਆਂ ਦੀਆਂ
ਆਜ਼ਾਦ ਕਿਤਾਬਾਂ ਹੁੰਦੀਆਂ ਹਨ।