Punjabi Poetry

Harmanjeet Singh – Baddli da totta


ਬੱਦਲੀ ਦਾ ਟੋਟਾ

ਅੜੀਏ ਜੇ ਇਹਨਾਂ ਉੱਡਦੀਆਂ
ਮਹਿਕਾਂ ਦੀ ਕੰਨੀ ਫੜ ਲਵਾਂ
ਅੜੀਏ ਜੇ ਵਿਹੜੇ ਬੀਜ’ਦਾਂ
ਮੈਂ ਇੱਕ ਬੂਟਾ ਚੰਨ ਦਾ ?

ਅੜੀਏ ਜੇ ਤਲ਼ੀਏ ਤੇਰੀਏ
ਮਲ਼ਦਾ ਰਹਾਂ ਗੁਲਚਾਂਦਨੀ
ਅੜੀਏ ਜੇ ਤੇਰੇ ਗੁੱਟ ‘ਤੇ
ਬੱਦਲੀ ਦਾ ਟੋਟਾ ਬੰਨ੍ਹ ‘ਦਾਂ ?

ਇਹ ਕੌੜੀਆਂ ਰੁੱਤਾਂ ਨੂੰ ਜੇ
ਮਖਿਆਲ਼ ਵਿੱਚ ਮੈਂ ਡੋਬ’ਦਾਂ
ਜਾਂ ਜੇ ਇਹਨਾਂ ਦੀ ਜੀਭ ‘ਤੇ
ਕੋਈ ਪਤਾਸਾ ਧਰ ਦਿਆਂ ?

ਅੜੀਏ ਜੇ ਸੁੰਨੇ ਰਸਤਿਆਂ ਨੂੰ
ਸਾਕ ਦੇ’ਦਾਂ ਪੈੜ ਦਾ
ਅੜੀਏ ਜੇ ਢੱਠੇ ਕੌਲ਼ਿਆਂ ਨੂੰ
ਦੀਵਿਆਂ ਦਾ ਵਰ ਦਿਆਂ ?

ਤੇਰੇ ਸੁਰੀਲੇ ਬੁੱਤ ਨੂੰ
ਫੁੱਲਾਂ ਦੇ ਘਰ ਵਿੱਚ ਖੇਡਦਾ
ਅੜੀਏ ਸਰੈਰੀ ਬੀੜ ਦਾ
ਰੁਮਕਾ ਕੋਈ ਸਿਲਵਾ ਦਿਆਂ ?

ਅੜੀਏ ਤੇਰੀ ਕੁੜਤੀ ਦਿਆਂ
ਮੋਰਾਂ ਤੋਂ ਲੈ ਕੇ ਆਗਿਆ
ਜੇ ਅੱਜ ਤੇਰੇ ਸ਼ੌਕ ਦੀਆਂ
ਬੁਲਬੁਲਾਂ ਪਰਚਾ ਦਿਆਂ ?