Harmanjeet Singh – Kirpaan ke


ਕਿਰਪਾਨ ਕੇ

ਸੰਗਤ ਨੂੰ ਪੰਗਤ ਟੱਕਰੀ, ਠੇਡੇ ਨੂੰ ਢੋਹੀ ਮਿਲ ਗਈ
ਤਵੀਆਂ ਨੇ ਰੂਹਾਂ ਫੂਕੀਆਂ, ਦਰਸਨ ਹੋਏ ਕਿਰਪਾਨ ਕੇ
ਸਤਿਗੁਰ ਨੇ ਘੋੜਾ ਬੀੜਿਆ, ਚੰਨ ਵੀ ਸੰਧੂਰੀ ਹੋ ਗਿਆ
ਤੁਰਦੇ ਧਰਮ ਤੇ ਕਰਮ ਵੀ, ਲੋਏ-ਲੋਏ ਕਿਰਪਾਨ ਕੇ
ਜੂਹਾਂ-ਪਹੇ ਕਿਰਪਾਨ ਕੇ ਸ਼ੀਹਣੀ-ਸਹੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।

ਰੰਗ, ਰਾਗ, ਪੂਰਨਮਾਸ਼ੀਆਂ, ਕਣੀਆਂ, ਤੂਫ਼ਾਂ ਕਿਰਪਾਨ ਕੇ
ਚਿੜੀਆਂ, ਪੰਘੂੜੇ, ਦੀਵੜੇ, ਮੇਲੇ, ਮਕਾਂ ਕਿਰਪਾਨ ਕੇ
ਲਿਸ਼ਕਣ ਜੋ ਤਾਰੇ ਅੰਬਰੀਂ, ਸੰਗੀ-ਸਖਾ ਕਿਰਪਾਨ ਕੇ
ਧਰਤੀ, ਹਵਾ ਦੇ ਹਾਸ਼ੀਏ, ਚਾਰੇ ਦਿਸ਼ਾ ਕਿਰਪਾਨ ਕੇ
ਬੋਲੀ ਵਸੇ, ਲਿੱਪੀ ਵਸੇ, ਭਾਸ਼ਾ ਵਸੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।

ਧੂੜਾਂ ਨੂੰ ਹਾਜ਼ਰ ਜਾਣ ਕੇ, ਦਾੜ੍ਹੇ ਅਨੋਖੇ ਲਿਸ਼ਕ ਪਏ
ਝਾਂਗੜ-ਝਿੜੀ ਦੇ ਮੋਰਚੇ ਤੇ ਟਾਕਰੇ ਕਿਰਪਾਨ ਕੇ
ਇਸ਼ਕੇ ਦਾ ਮਿਸਰਾ ਬੋਲ ਕੇ, ਯੋਧੇ ਜ਼ਮੀਂ ਵਿੱਚ ਸੌਂ ਗਏ
ਜ਼ੀਨਾਂ, ਰਕਾਬਾਂ, ਕਾਠੀਆਂ ਤੇ ਪਾਖਰੇ ਕਿਰਪਾਨ ਕੇ
ਮਸਤਕ-ਮਣੀ, ਜੁੱਸਾ-ਜਿਸਮ, ਖ਼ਾਲਸ-ਕਲਾ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।

ਸੁਖ਼ਨੋ-ਸਬਕ, ਚੌਦਹ-ਤਬਕ, ਸ਼ੰਖੋ-ਕਲਸ਼, ਤੋਇਆ-ਤਪਸ਼
ਤਖ਼ਤੋ-ਮਿਲਖ਼, ਪੀਰੋ-ਬਿਰਖ਼, ਜੀ ਧੰਨ-ਧੰਨ ਕਿਰਪਾਨ ਕੇ
ਹੈ ਧੂਲ ਵੀ ਸਰਦੂਲ ਵੀ, ਜੋ ਰਹਿਬਰੀ ਕਰਤਾਰ ਦੀ
ਟੁਕੜੇ ਵੀ ਤੇਗਾਂ ਬਣ ਗਏ ਜੀ ਖੰਨ-ਖੰਨ ਕਿਰਪਾਨ ਕੇ
ਹਿੰਮਤ-ਯਤਨ, ਰੋੜੇ-ਰਤਨ, ਲੋਹਾ-ਤਪਨ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।

ਸੋਚ ਹੈ, ਇੱਕ ਟੇਕ ਹੈ, ਇੱਕ ਫਲਸਫੇ ਦਾ ਨਾਮ ਹੈ
ਕਿਰਪਾਨ ਇੱਕ ਹਥਿਆਰ ਨਈਂ, ਕਿਰਪਾਨ ਇੱਕ ਪੈਗਾਮ ਹੈ
ਪੈਗਾਮ ਉਸ ਮੱਥੇ ਨੂੰ, ਜਿੱਥੇ ਪੱਤ ਹੈ ਨਾ ਰੱਤ ਹੈ
ਸਰਬੱਤ ਹੈ ਕਿਰਪਾਨ ਹੀ, ਕਿਰਪਾਨ ਹੀ ਸਰਬੱਤ ਹੈ
ਸਾਵਣ-ਕਤੇ , ਰੰਗੋਰਤੇ, ਗੱਜ-ਗੁਰਮਤੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ, ਕਿਰਪਾਨ ਕੇ, ਕਿਰਪਾਨ ਕੇ ।


Leave a Reply