Punjabi Poetry

Harmanjeet Singh – Kakka chanan


ਕੱਕਾ ਚਾਨਣ

ਲਗਰੇ ਕੱਚੀਏ, ਲਾਲ ਕਰੂੰਬਲ
ਗੰਦਲੇ ਸੌਂਫ਼ ਦੀਏ
ਤੇਰਾ ਸੁਹਜ ਕਰੇਂਦਾ
ਖ਼ਲਕਤ ‘ਤੇ ਸਰਦਾਰੀ
ਤੇਰੀ ਚੁੰਨੀ ‘ਤੇ ਇਉਂ
ਲਾਲ ਲਕੀਰਾਂ ਵੱਜੀਆਂ ਨੇ
ਬਈ ਜੀਕਣ ਮੂੰਗਫਲ਼ੀ ਦੇ
ਫੁੱਲਾਂ ਉੱਤੇ ਧਾਰੀ।

ਤੇਰੀ ਸੇਲ੍ਹੀ ਤਾਂ ਜਿਉਂ
‘ਡਾਰ ਹੋਵੇ ਕੋਈ ਚਿੜੀਆਂ ਦੀ
ਜਿਹੜੀ ਪੱਛੋਂ ਦੇ ਵੱਲ
ਉੱਡ ਜਾਏ ਮਾਰ ਉਡਾਰੀ
ਤੈਨੂੰ ਹਵਾ ਦੇ ਬੁੱਲੇ
ਨਾਗ-ਵਲੇਵਾਂ ਪਾ ਲੈਂਦੇ
ਚੰਨ ਦਾ ਕੱਕਾ ਚਾਨਣ
ਹਿੱਕ ਤੇ ਕਰੇ ਸਵਾਰੀ।

ਤੋਪੇ, ਧਾਗੇ, ਫੁੱਲ, ਸਰ੍ਹਾਣੇ,
ਚੁੱਲ੍ਹੇ, ਚਰਖਿਆਂ ‘ਤੇ
ਤੇਰੇ ਹੰਸਣੀਆਂ ਜਏ
ਹੱਥਾਂ ਦੀ ਮੁਖਤਿਆਰੀ
ਤੇਰੇ ਸਾਹਾਂ ਦੇ ਵਿੱਚ
ਰੋਹੀ ਗਿੱਧਾ ਪਾਉਂਦੀ ਏ
ਨੀਂ ਕੋਈ ਨਾਗ ਲਾਹ ਗਿਆ
ਅੜੀਏ ਕੰਜ ਕੁਆਰੀ।

ਤੇਰੀ ਧੂਣੀ ਜੇਡ ਫ਼ਕੀਰੀ
ਮੌਤੋਂ ਪਿਆਰੀਏ ਨੀਂ
ਪਾ ਕੇ ਦਰਸ਼ਨ ਹੋ ਗਈ
ਧੁੱਪ ਵੀ ਤਿੜਕਣ-ਹਾਰੀ
ਧਣੀਆ, ਸੁੰਢ ਰਲਾ ਕੇ
ਰੁੱਤਾਂ ਖਾਣ ਪੰਜੀਰੀਆਂ
ਮੌਸਮ ਕੰਨ ਪੜਵਾਉਣ ਦੀ
ਕਰਦੇ ਫਿਰਨ ਤਿਆਰੀ।

ਰੇਤਾ ਟਿੱਬਿਆਂ ਦਾ ਤੂੰ
ਮਰੂਏ ਦੇ ਵਿੱਚ ਗੁੰਨ੍ਹਦੀ ਏਂ
ਜੱਦ ਵੀ ਜੰਗਲੇ ਓਹਲੇ
ਬੈਠੇਂ ਕੱਲੀ-ਕਾਰੀ
ਜੀਹਦੀ ਯਾਦ ਦਾ ਪਾਣੀ
ਬੰਨ੍ਹ ਤੋੜ ਕੇ ਚੜ੍ਹ ਗਿਆ ਨੀਂ
ਮੁੰਡਾ ਕੱਚਿਆਂ ਸੇਬਾਂ ਵਰਗਾ
ਛੈਲ ਖਿਡਾਰੀ।

ਪਹਿਲਾਂ ਪੱਤਣਾਂ ਉੱਤੇ
ਛਮਕਾਂ ਦੇ ਨਾਲ ਕੁੱਟਿਆ ਤੂੰ
ਮਗਰੋਂ ਸਾਧ ਬਣੇ ਨੂੰ
ਡਾਹੁੰਦੀ ਪਲੰਘ ਨਵਾਰੀ
ਕੱਚ ਦੀਆਂ ਵੰਗਾਂ ਲਾਹ ਕੇ
ਅੜੀਏ ਨਰਮ ਕਲਾਈਆਂ ‘ਚੋਂ
ਨੀਂ ਤੂੰ ਚੁੱਕ ਲੈਂਦੀ ਏਂ
ਕੀਕਣ ਕੁੜੇ ਕਟਾਰੀ ?