Harmanjeet Singh – Maruye varga kujh
ਮਰੂਏ ਵਰਗਾ ਕੁਝ
(ਔਰਤ ਨਾਲ ਜੁੜੀਆਂ ਜੰਗਲੀ ਤੰਦਾਂ ਨੂੰ)
ਸਦਾ ਕੰਮ ‘ਚ ਲੱਗੀਆਂ ਰਹਿੰਦੀਆਂ
ਤੇਰੀਆਂ ਲਚਕਦਾਰ ਬਾਂਹਾਂ ‘ਤੇ
ਬੜੀ ਦੂਰ ਦੇ ਪਵਿੱਤਰ ਵਣਾਂ ਦੇ
ਨਕਸ਼ੇ ਬਣੇ ਹੋਏ ਨੇ ।
ਮੁਢਲੀ ਮਿੱਟੀ ਦਾ ਰੰਗ ਤੇ
ਪਹਿਲੀਆਂ ਗੰਦਲਾਂ ਦਾ ਰਸ
ਤੇਰੇ ਪਿੰਡੇ ‘ਚੋਂ ਮਹਿਕਦਾ ।
ਤੇਰਾ ਦੁੱਧ ਫੁੱਲਾਂ, ਥੋਹਰਾਂ ਤੇ
ਬਾਘਣੀਆਂ ‘ਚ ਘਿਰੇ
ਕਿਸੇ ਅਣ-ਦਿਸਦੇ ਪੀੜ੍ਹੇ ‘ਤੇ ਬੈਠੇ
ਇੱਕ ਰੱਬੀ ਜਲੌਅ ਦੇ ਵਾਕਾਂ ‘ਚੋਂ ਸਿੰਮਦਾ ।
ਧਰਤੀ ਦੀ ਅੱਥਰੀ ਗੋਲ਼ਾਈ
ਤੇਰੀ ਛਾਤੀ ਦਾ ਵਿਸਥਾਰ ਹੈ ਤੇ
ਪੱਥਰਾਂ-ਪਹਾੜਾਂ ਦੀ ਚਿਤਕਬਰੀ-ਜ਼ੀਨਤ
ਤੇਰੀ ਚਮੜੀ ਦਾ ਹੀ ਕੋਈ ਰੂਪ ਹੈ ।
ਹਾਲੇ ਵੀ ਅਸਮਾਨ
ਤਾਰਿਆਂ ਦੀਆਂ ਖਿੱਤੀਆਂ ਚੁੱਕੀ
ਤੇਰਿਆਂ ਰਾਹਾਂ ‘ਚ ਖੜ੍ਹਦਾ।
ਤੇਰੀ ਅੱਡੀ ਅੱਜ ਵੀ ਫੁਰਤੀਲੀ ਹੈ ।
ਤੂੰ ਹਾਲੇ ਵੀ ‘ਜੰਗਲੀ’ ਹੈਂ
ਤੇ ਹਾਲੇ ਵੀ ਤੇਰੇ ਸਰੀਰ ਦਿਆਂ ਮੋੜਾਂ ‘ਚ
ਮਰੂਏ ਵਰਗਾ ਕੁਝ ਉੱਗਦਾ ।