Punjabi Poetry

Harmanjeet Singh – Subkeeliyan koonja


ਸੁਬਕੀਲੀਆਂ ਕੂੰਜਾਂ

ਤੇਰੇ ਰਾਹਾਂ ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ
ਛਣਕਦੀ ਵੰਗ ਤੋਂ ਚੋਰੀ, ਮੈਂ ਆਪਣੀ ਸੰਗ ਤੋਂ ਚੋਰੀ ।

ਵੇ ਮੈਂ ਆਵਾਜ਼ ਵਰਗੀ ਹਾਂ, ਤੇਰੇ ਬੁੱਲ੍ਹਾਂ ‘ਚੋਂ ਕਿਰਦੀ ਹਾਂ
ਜੋ ਆਪਣੀ ਬਾਤ ਪਾਉਂਦੇ, ਆਪਣੇ ਪ੍ਰਸੰਗ ਤੋਂ ਚੋਰੀ ।

ਜਹਾਂ ਵਿੱਚ ਸ਼ੋਰ ਕਿੰਨਾ ਹੈ, ਪਤਾ ਨਈਂ ਹੋਰ ਕਿੰਨਾ ਹੈ
ਸਮੇਂ ਦੀ ਅੱਖ ਤੋਂ ਛੁਪ ਕੇ, ਹਵਾ ਦੇ ਰੰਗ ਤੋਂ ਚੋਰੀ ।

ਵੇ ਤੈਨੂੰ ਵੇਖ ਕੇ ਜਲ਼ ਪੈਂਦੀਆਂ, ਮੱਥੇ ‘ਚ ਫੁੱਲਝੜੀਆਂ
ਗੁਲਾਬੀ ਪੋਸ਼ ਵੀ ਹੱਸਦੈ, ਮਰਮਰੀ ਅੰਗ ਤੋਂ ਚੋਰੀ ।

ਸੁਲਗਦੇ ਚੇਤਿਓਂ ਕੱਢ ਕੇ, ਤੁਰਾਂਗੀ ਤਪਦੀਆਂ ਕਿਰਨਾਂ
ਵੇ ਮੈਂ ਕਕਰੀਲੀਆਂ ਪੌਣਾਂ ਦੇ ਪੋਹੀ ਡੰਗ ਤੋਂ ਚੋਰੀ ।

ਦਮਾਂ ਦੀ ਢੱਡ ਪਈ ਵੱਜੇ ਤੇ ਮੁੱਠੀ ਜਾਨ ਆ ਜਾਵੇ
ਛਣਕਦੇ ਘੁੰਗਰੂ, ਖੜਤਾਲ ਤੇ ਮਿਰਦੰਗ ਤੋਂ ਚੋਰੀ ।

ਪਹਾੜੀ ਖੁੱਡ ਦੇ ਵਿੱਚੋਂ ਕਦੋਂ ਸੁਬਕੀਲੀਆਂ ਕੂੰਜਾਂ
ਨੇ ਬਚ ਕੇ ਆਉਂਦੀਆਂ ਯਾਰਾ ਚਰਗ ਦੇ ਫੰਗ ਤੋਂ ਚੋਰੀ ।

ਮਿਲਾਂਗੇ ਆਬਸ਼ਾਰੀ ਮੱਸਿਆ ਦੀ ਗੋਦ ਵਿੱਚ ਆਪਾਂ
ਤੂੰ ਆਪਣੇ ਤਖ਼ਤ ਤੋਂ ਚੋਰੀ, ਮੈਂ ਆਪਣੇ ਝੰਗ ਤੋਂ ਚੋਰੀ ।