Punjabi Poetry

Mai chadd diangi tainu – Uktamoy Khaldorova -Translator Sawarnjit Savi


ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ

ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ

ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ

ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ

ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ

ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ