Punjabi Poetry

Omkar Sood – Dam dam damru


ਸਾਡੀ ਗਲੀ ਕਲੰਦਰ ਆਇਆ।
ਡਮ-ਡਮ ਡਮਰੂ ਓਸ ਵਜਾਇਆ।
ਬੰਦਰ-ਬੰਦਰੀ ਨਾਲ ਲਿਆਇਆ।
ਰੱਸੀਆਂ ਦੇ ਨਾਲ ਬੰਨ੍ਹ ਬਿਠਾਇਆ।
ਡਮਰੂ ਵੱਜਿਆ ਢੱਮ-ਢਮੱਕੇ!
ਕਿੰਨੇ ਈ ਬਾਲਕ ਹੋ ਗਏ ‘ਕੱਠੇ।
ਆਵੋ ਬੱਚਿਓ, ਤੇ ਭੈਣ, ਭਰਾਓ!
ਖੇਲ ਦੇਖ ਕੇ ਮਨ ਪਰਚਾਓ।
ਕਰਿਆ ਸ਼ੁਰੂ ਕਲੰਦਰ ਖੇਲਾ।
ਲੋਕਾਂ ਦਾ ਲੱਗ ਗਿਆ ਸੀ ਮੇਲਾ।
ਧਰਤੀ ਉੱਤੇ ਠਾਹ ਵਜਾਇਆ!
ਫਿਰ ਬੰਦਰ ਲਈ ਝੁਰਲੂ ਡਾਹਿਆ।
ਬਹਿ ਜਾ ਦੁਲਹੇ-ਰਾਜਾ ਭਾਈ!
ਤੇਰੀ ਹੋਣੀ ਅੱਜ ਸੰਗਾਈ।
ਦੁਲਹਨ ਤੇਰੀ ਪਰੀਆਂ ਜੈਸੀ।
ਲੱਭ ਲਿਆਇਆ ਜੰਗਲੋਂ ਮੈਂ ਸੀ।
ਬੰਦਰ ਨਾਂਹ ਵਿੱਚ ਟਿੰਡ ਹਿਲਾਈ।
ਚੁੱਕ ਕਲੰਦਰ ਸੋਟੀ ਵਾਹੀ।
ਬੰਦਰ ਡਰ ਕੇ ਗੇੜੀ ਲਾਈ।
ਛੇਤੀ ਹੋ ਗਈ ਮੰਨ-ਮਨਾਈ।
ਬਹਿ ਗਿਆ ਟਿਕ ਕੇ ਝੁਰਲੂ ਉੱਤੇ।
ਵੇਖ-ਵੇਖ ਫਿਰ ਦਰਸ਼ਕ ਹੱਸੇ।
ਬੰਦਰੀ ਚੁੰਨੀ ਲੈ ਕੇ ਆਈ।
ਡਮਰੂ ਕੀਤੀ ਢੱਮ-ਢਮਾਈ।
ਡਮਰੂ ਵਿੱਚੋਂ ਮੰਤਰ ਵੱਜੇ।
ਜਿੱਦਾਂ ਵਾਜੇ ਵਾਲੇ ਗੱਜੇ।
ਬੰਦਰ ਨੇ ਫਿਰ ਫੇਰੇ ਲੈ ਕੇ।
ਬੰਦਰੀ ਦੇ ਨਾਲ ਜੁੜਕੇ ਬਹਿ ਕੇ।
ਕਰ ਲਈ ਉਹ ਸਵੀਕਾਰ ਬਹੁ ਸੀ।
ਹੁਣ ਤਾਂ ਬੰਦਰ ਨਾਲ ਰਹੂ ਜੀ।
ਡਮ-ਡਮ ਡਮਰੂ ਵੱਜੀ ਜਾਂਦਾ।
ਦਰਸ਼ਕ ਹਾਸਾ ਗੱਜੀ ਜਾਂਦਾ।
ਬੱਚਿਓ ਲੈ ਕੇ ਆਓ ਆਟਾ।
ਕਰਨਾ ਇਨ੍ਹਾਂ ਸੈਰ-ਸਪਾਟਾ।
ਪੈਸੇ ਵੀ ਕੁੱਝ ਲੈ ਕੇ ਆਉਣਾ।
ਹਨੀਮੂਨ ਲਈ ਇਨ੍ਹਾਂ ਜਾਣਾ।
ਚੰਪਕ-ਵਨ ਦੇ ਢਿਚਕੂੰ ਢਾਬੇ।
ਕਮਰਾ ਬੁੱਕ ਕਰਾਇਆ ਜਾ ਕੇ।
ਕਾਰ ਲਗਜਰੀ ਭਾੜੇ ਲਿਆਂਦੀ।
ਵੇਖ ਲਿਓ ਹੁਣ ਜੋੜੀ ਜਾਂਦੀ।
ਕੱਲ੍ਹ ਇਨ੍ਹਾਂ ਨੇ ਮੁੜਕੇ ਆਉਣਾ।
ਆਪਣਾ ਪਿਆਰਾ ਖੇਲ ਵਖਾਉਣਾ।

ਡਮ-ਡਮ ਡਮਰੂ, ਡਮ-ਡਮ ਡਮਰੂ!
ਡਮ-ਡਮ ਡਮਰੂ, ਡਮ-ਡਮ ਡਮਰੂ!!