Omkar Sood – Meri Maa
ਮੇਰੀ ਜਦੋਂ ਜਿਉਂਦੀ ਸੀ ਮਾਂ।
ਡਾਢੇ ਲਾਡ ਲਡਾਉਂਦੀ ਸੀ ਮਾਂ।
ਮਾਂ ਮੋਈ ਜੱਗ ਸੁੰਨਾ ਹੋਇਆ।
ਅੰਦਰ ਵੜ ਕੇ ਡਾਢਾ ਰੋਇਆ।
ਰੋ-ਰੋ ਕੇ ਜਦ ਹਲਕਾ ਹੋਇਆ।
ਮਾਂ ਨੂੰ ਦਿਲ ਦੇ ਵਿੱਚ ਲਕੋਇਆ।
ਮਨ ਹੀ ਮਨ ਸਾਂ ਗੱਲਾਂ ਕਰਦਾ।
ਮਾਵਾਂ ਬਾਝੋਂ ਨਹੀਓਂ ਸਰਦਾ।
ਸੁਰਗਾਂ ਵਿੱਚੋਂ ਅੰਮੀਂ ਆਜਾ।
ਪੁੱਤ ਆਪਣੇ ਨੂੰ ਗੋਦ ਖਿਡਾ ਜਾ।
ਤੇਰੇ ਬਾਝੋਂ ਜੀ ਨਹੀਂ ਲਗਦਾ।
ਦਰਦ ਤੇਰਾ ਹੈ ਕੋਇਲਾ ਮਘਦਾ।
ਸਾੜੀ ਜਾਂਦਾ ਅੰਦਰ ਬਾਹਰ।
ਕਿਧਰੇ ਨਾ ਹੁਣ ਮਿਲਦੀ ਠਾਹਰ।
ਹਫਤੇ ਦੇ ਵਿੱਚ ਸੱਤੇ ਵਾਰ।
ਮਾਂ ਹੁੰਦੀ ਤੋਂ ਵਾਂਗ ਤਿਉਹਾਰ।
ਅਨਪੜ੍ਹ ਕਰਮਾਂ ਵਾਲੀ ਸੀ ਮਾਂ।
ਜੱਗੋਂ ਵੱਧ ਨਿਰਾਲੀ ਸੀ ਮਾਂ।
ਮੁੜ-ਮੁੜ ਚੇਤੇ ਆਈ ਜਾਂਦੀ।
ਬਚਪਨ ਯਾਦ ਕਰਾਈ ਜਾਂਦੀ।
ਅੰਮੀਂ ਦੇ ਜੋ ਨਾਲ ਬਿਤਾਏ।
ਉਹ ਦਿਨ ਜਾਂਦੇ ਨਹੀਂ ਭੁਲਾਏ।
ਬਾਤਾਂ ਪੜ੍ਹਿਆਂ ਵਾਂਗ ਸੁਣਾਉਂਦੀ।
ਗੀਤਾਂ ਵਾਂਗੂੰ ਲੋਰੀ ਗਾਉਂਦੀ।
ਜੀ ਕਰਦਾ ਸੁਰਗਾਂ ਵਿੱਚ ਜਾਵਾਂ।
ਮਾਂ ਦੇ ਚਰਨੀ ਸੀਸ ਝੁਕਾਵਾਂ।
ਮੈਂ ਆਇਆ ਹਾਂ ਤੇਰਾ ਪੁੱਤਰ।
ਚੁੱਕ ਲੇ ਅੰਮੀਂ ਆਪਣੇ ਕੁਛੜ।