Punjabi Poetry

Omkar Sood – Rukan da geet


ਰੁੱਖ ਧਰਤੀ ਦੇ ਜਾਏ ਓ ਲੋਕੋ,
ਦਿੰਦੇ ਠੰਡੀਆਂ ਛਾਵਾਂ।
ਸ਼ਾਂ-ਸ਼ਾਂ ਕਰਕੇ ਗਾਂਦੇ ਰਹਿੰਦੇ
ਲੋਰੀਆਂ ਵਾਕੁਰ ਮਾਵਾਂ!

ਰੁੱਖ ਧਰਤੀ ਦੇ ਜਾਏ ਬੇਲੀਓ
ਕੁਦਰਤ ਨੇ ਧੰਨ ਸਾਜੇ,
ਮਾਨਵਤਾ ਲਈ ਦਿੰਦੇ ਬਾਲਣ
ਨਾਲੇ ਦਰ ਦਰਵਾਜ਼ੇ!

ਰੁੱਖ ਧਰਤੀ ਦੇ ਜਾਏ ਹਾਣੀਓ
ਖੜ੍ਹੇ ਰਹਿਣ ਵਿੱਚ ਰਾਹਵਾਂ,
ਇਹ ਧਰਤੀ ਦੇ ਬੰਦਿਆਂ ਖਾਤਿਰ
ਲੱਖਾਂ ਦੇਣ ਦੁਆਵਾਂ!

ਰੁੱਖ ਧਰਤੀ ਦੇ ਜਾਏ ਮਿੱਤਰੋ
ਕਦੇ ਨਾ ਹੋਣ ਉਦਾਸ,
ਇਹ ਆਪਣੀ ਸ਼ਾਖੀਂ ਰੱਖਦੇ
ਹਨ ਜਾਨਵਰਾਂ ਦਾ ਵਾਸ!

ਰੁੱਖ ਧਰਤੀ ਦੇ ਜਾਏ ਸੁਹਣਿਓ
ਝੂਮ-ਝੂਮ ਕੇ ਗਾਣ,
ਹੱਸਣ ਤੇ ਮੁਸਕਾਣ ਦਾ
ਸਭ ਨੂੰ ਵੱਲ ਸਿਖਾਣ!

ਰੁੱਖ ਧਰਤੀ ਦੇ ਜਾਏ ਬੀਬਿਓ
ਉੱਗਣ ਦੇਸ਼-ਬਿਦੇਸ਼,
ਦੁਨੀਆਂ ਵਿੱਚੋਂ ਚਾਹੁੰਦੇ
ਬਈ ਹੋਵਣ ਦੂਰ ਕਲੇਸ਼!

ਰੁੱਖ ਧਰਤੀ ਦੇ ਜਾਏ ਸਾਥੀਓ
ਕਰਦੇ ਰਹਿਣ ਕਲੋਲ,
ਪਰ ਨਾ ਉੱਕਾ ਬੋਲਦੇ
ਇਹ ਮੁੱਖੋਂ ਬੋਲ-ਕਬੋਲ!

ਰੁੱਖ ਧਰਤੀ ਦੇ ਜਾਏ ਬੰਦਿਓ,
ਬੰਦਿਆਂ ਲਈ ਖ਼ੁਦਾ,
ਬੰਦਿਆਂ ਨੂੰ ਇਹ ਜਿਉਣ ਵਾਸਤੇ
ਦਿੰਦੇ ਸ਼ੁੱਧ ਹਵਾ!

ਰੁੱਖ ਧਰਤੀ ਦੇ ਜਾਏ ਆਪਾਂ
ਆਵੋ ਖੂਬ ਲਗਾਈਏ,
ਕੁਲ ਦੁਨੀਆਂ ਦੀ ਸਾਂਝੀ ਧਰਤੀ
ਰੁੱਖਾਂ ਨਾਲ ਸਜਾਈਏ ਬੇਲੀਓ,
ਰੁੱਖਾਂ ਨਾਲ ਸਜਾਈਏ……..!!!