Punjabi Poetry

Santokh Singh Dhir – Adhi adhi raati deeva jagda


ਅੱਧੀ ਅੱਧੀ ਰਾਤੀਂ ਦੀਵਾ ਜਗਦਾ
ਦੀਵਾ ਜਗਦਾ ਹੋ;
ਸੂਰਜ ਮਗਰੋਂ ਚਾਨਣ ਕਰਦਾ
ਸਮਾਂ ਨਾ ਸਕੇ ਖਲੋ।
ਅੱਧੀ ਅੱਧੀ ਰਾਤੀਂ ਸੁਣਦੀਆਂ ਵਿੜਕਾਂ
ਸੁਣਦੀਆਂ ਵਿੜਕਾਂ ਹੋ;
ਸਜਣਾਂ ਦੇ ਰਾਹ ਵਿਚ ਜਿੰਦੜੀ ਛਿੜਕਾ
ਕਣੀਆਂ ਕਣੀਆਂ ਹੋ।
ਅੱਧੀ ਅੱਧੀ ਰਾਤੀਂ ਭੌਂਕਣ ਕੁੱਤੇ
ਭੌਂਕਣ ਕੁੱਤੇ ਹੋ;
”ਆਣ ਜਗਾਇਣ ਰਾਤੀਂ ਸੁੱਤੇ”
ਨੀਂਦਾਂ ਦੇਵਣ ਖੋ।
ਅੱਧੀਂ ਅੱਧੀਂ ਰਾਤੀਂ ਆਉਂਦੀਆਂ ਵਾਜਾਂ
ਆਉਂਦੀਆਂ ਵਾਜਾਂ ਹੋ;
ਸੱਚ ਦੇ ਬੋਲ ਸੁਣਾਉਂਦੀਆਂ ਵਾਜਾਂ
”ਜਾਗਦੇ ਰਹਿਣਾ ਵੋ!”
ਅੱਧੀ ਅੱਧੀ ਰਾਤੀਂ ਵਗਦੇ ਪਾਣੀ
ਵਗਦੇ ਪਾਣੀ ਹੋ;
ਜਿਨ੍ਹਾਂ ਨੇ ਲੱਗੀ ਤੋੜ ਨਿਭਾਣੀ
ਤੁਰਦੇ ਰਹਿੰਦੇ ਉਹ।