Shiv Kumar Batalvi – Hyaati nu
ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ ‘ਚੋਂ ਮੋਤੀ ।
ਹੁਣ ਤਾਂ ਮਾਨਸਰਾਂ ਵਿਚ ਮੇਰਾ
ਦੋ ਦਿਨ ਹੋਰ ਬਸੇਰਾ ।
ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਅੜੀਓ ਕੁਝ ਸਾਂਝਾਂ
ਤਾਹੀਂਓਂ ਚਾਨਣੀਆਂ ਰਾਤਾਂ ਵਿਚ
ਜੀ ਨਹੀਂ ਲੱਗਦਾ ਮੇਰਾ ।
ਉਮਰ ਅਯਾਲਣ ਛਾਂਗ ਲੈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫ਼ੇਰਾ ।
ਫੂਕੋ ਨੀ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹੱਥੜਾਂ ਪਿੱਟੋ ਨੀ
ਹੁਣ ਮੇਰੇ ਮਰ ਗਏ ਹਾਣੀ ।
ਝੱਟ ਕਰੋ ਨੀ ਖਾ ਲਓ ਟੁੱਕਰ
ਹੱਥ ਵਿਚ ਹੈ ਜੋ ਫੜਿਆ
ਔਹ ਵੇਖੋ ਨੀ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ-ਖਾਣੀ ।
ਡਰੋ ਨਾ ਲੰਘ ਜਾਣ ਦਿਓ ਅੜੀਓ
ਕਾਂਗਾਂ ਨੂੰ ਕੰਢਿਆਂ ਤੋਂ
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ ।
ਰੀਝਾਂ ਦੀ ਜੇ ਸੰਝ ਹੋ ਗਈ
ਤਾਂ ਕੀ ਹੋਇਆ ਜਿੰਦੇ
ਹੋਰ ਲੰਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਵੇਂ ।
ਕਲਵਲ ਹੋਵੋ ਨਾ ਨੀ ਏਦਾਂ
ਵੇਖ ਲਗਦੀਆਂ ਲੋਆਂ
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉੱਗਦਾ ਹੈ ਛਾਵੇਂ ।