Punjabi Poetry

Shiv Kumar Batalvi – Ikk geet hijar da


 

ਮੋਤੀਏ ਰੰਗੀ ਚਾਨਣੀ ਦੀ ਭਰ ਪਿਚਕਾਰੀ ।
ਮਾਰੀ ਨੀ ਕਿਸ ਮੁੱਖ ਮੇਰੇ ‘ਤੇ ਮਾਰੀ ।

ਕਿਸ ਲਾਈ ਮੇਰੇ ਮੱਥੇ ਚੰਨ ਦੀ ਦੌਣੀ,
ਕਿਸ ਰੱਤੀ ਮੇਰੀ ਸੂਹੀ ਗੁਟ ਫੁਲਕਾਰੀ ।

ਰਹਿਣ ਦਿਓ ਨੀ ਹੰਸ ਦਿਲੇ ਦਾ ਫਾਕੇ,
ਜਾਂਦੀ ਨਹੀਂ ਮੈਥੋਂ ਮਹਿੰਗੀ ਚੋਗ ਖਿਲਾਰੀ ।

ਤੋੜੇ ਮਾਲ੍ਹ ਤਰੱਕਲਾ ਚਰਖੀ ਫੂਕੋ,
ਕਿਸ ਮੇਰੀ ਵੈਰਣ ਕੌਡਾਂ ਨਾਲ ਸ਼ਿੰਗਾਰੀ ।

ਕਿਸ, ਕੂਲ੍ਹਾਂ ਦੇ ਆਣ ਘਚੋਲੇ ਪਾਣੀ,
ਕਿਸ ਤਤੜੀ ਨੇ ਆਣ ਮਰੁੰਡੀਆਂ ਛਾਵਾਂ ।

ਕਿਸ ਖੂਹੇ ਬਹਿ ਧੋਵਾਂ ਦਾਗ਼ ਦਿਲੇ ਦੇ,
ਕਿਸ ਚੌਂਕੀ ਬਹਿ ਮਲ ਮਲ ਵਟਣਾ ਨ੍ਹਾਵਾਂ ।

ਕੀਹ ਗੁੰਦਾਂ ਹੁਣ ਗੁੱਡੀਆਂ ਦੇ ਸਿਰ ਮੋਤੀ,
ਕੀਕਣ ਉਮਰ ਨਿਆਣੀ ਮੋੜ ਲਿਆਵਾਂ ।

ਕਿਸ ਸੰਗ ਖੇਡਾਂ ਅੜੀਓ ਨੀ ਮੈਂ ਕੰਜਕਾਂ,
ਕਿਸ ਸੰਗ ਅੜੀਓ ਰਾੜੇ ਬੀਜਣ ਜਾਵਾਂ ।

ਉੱਡ ਗਈਆਂ ਡਾਰਾਂ ਸੱਭੇ ਬੰਨ੍ਹ ਕਤਾਰਾਂ,
ਮੈਂ ਕੱਲੀ ਵਿਚ ਫਸ ਗਈ ਜੇ ਨੀ ਫਾਹੀਆਂ ।

ਲੱਖ ਸ਼ੁਦੈਣਾਂ ਔਂਸੀਆਂ ਪਾ ਪਾ ਮੋਈਆਂ,
ਵਾਤ ਨਾ ਪੁੱਛੀ ਏਸ ਗਿਰਾਂ ਦਿਆਂ ਰਾਹੀਆਂ ।

ਪਰਤ ਕਦੇ ਨਾ ਆਵੇ ਮਹਿਰਮ ਘਰ ਨੂੰ,
ਐਵੇਂ ਉਮਰਾਂ ਵਿਚ ਉਡੀਕ ਵਿਹਾਈਆਂ ।

ਆਖੋ ਸੂ, ਚੰਨ ਮੱਸਿਆ ਨੂੰ ਨਹੀਂ ਚੜ੍ਹਦਾ,
ਮੱਸਿਆ ਵੰਡਦੀ ਆਈ ਧੁਰੋਂ ਸਿਆਹੀਆਂ ।

ਝੱਬ ਕਰ ਅੜੀਏ ਤੂੰ ਵੀ ਉੱਡ ਜਾ ਚਿੜੀਏ,
ਇਹਨੀਂ ਮਹਿਲੀਂ ਹਤਿਆਰੇ ਨੇ ਵੱਸਦੇ ।

ਏਸ ਖੇਤ ਵਿਚ ਕਦੇ ਨਹੀਂ ਉਗਦੀ ਕੰਗਣੀ,
ਏਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ ।

ਭੁੱਲ ਨਾ ਬੋਲੇ ਕੋਇਲ ਇਹਨੀਂ ਅੰਬੀਂ,
ਇਹਨੀਂ ਬਾਗ਼ੀਂ ਮੋਰ ਕਦੇ ਨਹੀਂ ਨੱਚਦੇ ।

ਅੜੀਓ ਨੀ ਮੈਂ ਘਰ ਬਿਰਹੋਂ ਦੇ ਜਾਈਆਂ,
ਰਹਿਣਗੇ ਹੋਂਠ ਹਸ਼ਰ ਤਕ ਹੰਝੂ ਚੱਟਦੇ ।

ਕੀਹ ਰੋਵਾਂ ਮੈਂ ਗਲ ਸੱਜਣਾ ਦੇ ਮਿਲ ਕੇ,
ਕੀਹ ਹੱਸਾਂ ਮੈਂ ਅੜੀਓ ਮਾਰ ਛੜੱਪੀਆਂ ।

ਕੀਹ ਬੈਠਾਂ ਮੈਂ ਛਾਵੇਂ ਸੰਦਲ ਰੁੱਖ ਦੀ,
ਕੀਹ ਬਣ ਬਣ ‘ਚੋਂ ਚੁਗਦੀ ਫਿਰਾਂ ਮੈਂ ਰੱਤੀਆਂ ।

ਕੀਹ ਟੇਰਾਂ ਮੈਂ ਸੂਤ ਗ਼ਮਾਂ ਦੇ ਖੱਦੇ,
ਕੀਹ ਖੋਹਲਾਂ ਮੈਂ ਗੰਢਾਂ ਪੇਚ ਪਲੱਚੀਆਂ ।

ਕੀਹ ਗਾਵਾਂ ਮੈਂ ਗੀਤ ਹਿਜਰ ਦੇ ਗੁੰਗੇ,
ਕੀਹ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ ।