Punjabi Poetry

Shiv Kumar Batalvi – Panj Pdaa


ਤੂੰ ਜਦੋਂ ਮੈਨੂੰ ਮਿਲੀ ਸੈਂ ਪਹਿਲੀ ਵਾਰ
ਤੂੰ ਕਿਹਾ ਸੀ ਲਾਡਲੀ ਜਹੀ ਚਪਤ ਮਾਰ
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ
ਕੀਹ ਕਰਾਂ ਵਿਧਵਾ ਹਾਂ ਮੈਂ ਮਜ਼ਬੂਰ ਹਾਂ ।
ਇਸ ਜਨਮ ਵਿਚ ਮੈਂ ਤੇਰੇ ਤੋਂ ਦੂਰ ਹਾਂ
ਫਿਰ ਵੀ ਮੈਨੂੰ ਮੌਤ ਵਾਕਣ ਹੈ ਯਕੀਨ
ਮੈਂ ਤੇਰੀ ਅਗਲੇ ਜਨਮ ਵਿਚ ਮਾਂ ਬਣਾਂਗੀ
ਜਾਂ ਤੇਰੀ ਤਰੀਮਤ ਦੀ ਕੁੱਖੋਂ ਮੈਂ ਜਣਾਂਗੀ
ਜਾਂ ਤੇਰੇ ਦੁੱਖਾਂ ਦੀ ਮੈਂ ਬੇਲਣ ਬਣਾਂਗੀ
ਇਹ ਜਨਮ ਸੋਹਣਿਆਂ ਮੇਰੇ ਬਗ਼ੈਰ
ਜਿਸ ਤਰ੍ਹਾਂ ਵੀ ਹੋ ਸਕੇ ਤੂੰ ਗੁਜ਼ਾਰ
ਤੂੰ ਜਦੋਂ ਮੈਨੂੰ ਮਿਲੀ ਸੈਂ ਪਹਿਲੀ ਵਾਰ
ਤੂੰ ਕਿਹਾ ਸੀ ਲਾਡਲੀ ਜਹੀ ਚਪਤ ਮਾਰ
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ ।

ਤੂੰ ਜਦੋਂ ਮੈਨੂੰ ਮਿਲੀ ਸੈਂ ਦੂਜੀ ਵਾਰ
ਕਿਰਮਚੀ ਇਕ ਸ਼ਾਮ ਸੂਹੀ ਸੋਗਵਾਰ
ਬਦਲੀਆਂ ਦੇ ਸੋਨ-ਰਥ ‘ਤੇ ਹੋ ਸਵਾਰ
ਜਾ ਰਹੀ ਸੀ ਪੇਕੜੇ ਇਕ ਰਾਤ ਲਈ
ਧੂੰ ਜਹੇ ਦੇ ਵਾਲ ਮੋਢੇ ‘ਤੇ ਖਿਲਾਰ
ਸ਼ਾਮ ਦੀ ਉਸ ਅਰਗਵਾਨੀ ਧੂੜ ਵਿਚ
ਹੱਥ ਤੇਰੇ ਘੁੱਗੀਆਂ ਵੱਤ ਗੁਟਕਦੇ
ਮੇਰੇ ਹੱਥਾਂ ਵਿਚ ਜਿਨ੍ਹਾਂ ਵਿਚ ਮੌਤ ਸੀ
ਖ਼ੌਰੇ ਕਿਹੜੇ ਵੇਲੜੇ ਸੀ ਆ ਗਏ ?
ਤਾਰੇ ਆਥਣ ਦੇ ਸੀ ਸਭ ਸ਼ਰਮਾ ਗਏ
ਭੇਤ ਸਾਡੇ ਪਿਆਰ ਦਾ ਸੀ ਪਾ ਗਏ
ਪਾ ਗਏ ਸੀ ਜੀਭ ਸਾਡੀ ਨੂੰ ਮੁਹਾਰ
ਤੂੰ ਜਦੋਂ ਮਿਲੀ ਸੈਂ ਦੂਜੀ ਵਾਰ
ਕਿਰਮਚੀ ਇਕ ਸ਼ਾਮ ਸੂਹੀ ਸੋਗਵਾਰ
ਬਦਲੀਆਂ ਦੇ ਸੋਨ-ਰਥ ‘ਤੇ ਹੋ ਸਵਾਰ
ਜਾ ਰਹੀ ਸੀ ਪੇਕੜੇ ਇਕ ਰਾਤ ਲਈ
ਧੂੰ ਜਹੇ ਦੇ ਵਾਲ ਮੋਢੇ ‘ਤੇ ਖਿਲਾਰ ।

ਤੂੰ ਜਦੋਂ ਮੈਨੂੰ ਮਿਲੀ ਸੈਂ ਤੀਜੀ ਵਾਰ
ਮੈਂ ਤੇਰੇ ਨੈਣਾਂ ‘ਚ ਵੇਖੀ ਸੀ ਉਜਾੜ
ਉੱਘ ਰਹੀਆਂ ਸਨ ਹਜ਼ਾਰਾਂ ਬੱਤੀਆਂ
ਜਾਗ ਰਹੇ ਸਨ ਸ਼ਹਿਰ ਤੇਰੇ ਦੇ ਬਾਜ਼ਾਰ
ਤੂੰ ਕਿਹਾ ਸੀ ਕਰਦਿਆਂ ਇਕ ਸੜਕ ਪਾਰ
ਇਹ ਸੜਕ ਲੱਗੀ ਹੈ ਮੈਨੂੰ ਈਕਣਾ
ਜੀਕਣਾ ਮਲ੍ਹਿਆਂ ਦੀ ਛਾਵੇਂ ਹਾੜ ਵਿਚ
ਬੈਠੀ ਹੋਵੇ ਨਾਗਣੀ ਕੋਈ ਫ਼ਨ ਖਿਲਾਰ
ਆਈ ਹੋਵੇ ਕਾਮ ‘ਦੀ ਉਸ ਤੇ ਬਹਾਰ
ਫੇਰ ਅਚਨ-ਚੇਤ ਸੈਂ ਤੂੰ ਰੋ ਪਈ
ਮੂੰਹ ਦੁਆਲੇ ਬਾਜ਼ੂਆਂ ਦਾ ਝੁੰਬ ਮਾਰ
ਤੂੰ ਕਿਹਾ ਸੀ ਮੋੜ ਦੇ ਮੇਰਾ ਪਿਆਰ
ਝੁਲਸ ਚੁੱਕੀ ਕਲੀ ਨੂੰ ਕੀ ਹੱਕ ਹੈ ?
ਚੂਸ ਚੁੱਕੇ ਹੋਣ ਕਿ ਜਿਸ ਨੂੰ ਇਤਾਰ ?
ਇਕ ਪਵਿੱਤਰ ਭੌਰ ਤੋਂ ਮੰਗੇ ਪਿਆਰ
ਤੂੰ ਜਦੋਂ ਮੈਨੂੰ ਮਿਲੀ ਸੈਂ ਤੀਜੀ ਵਾਰ
ਮੈਂ ਤੇਰੇ ਨੈਣਾਂ ‘ਚ ਵੇਖੀ ਸੀ ਉਜਾੜ ।

ਤੂੰ ਜਦੋਂ ਮੈਨੂੰ ਮਿਲੀ ਸੈਂ ਚੌਥੀ ਵਾਰ
ਪੱਤਝੜਾਂ ਵਿਚ ਬਦਲ ਚੁੱਕੀ ਸੀ ਬਹਾਰ
ਚੁਭ ਚੁੱਕੇ ਸਨ ਹੁਸਨ ਦੀ ਤਲੀ ਵਿਚ
ਬੇਰਹਿਮ, ਬੇਦਰਦ ਸੈ ਸਮਿਆਂ ਦੇ ਖ਼ਾਰ
ਮੌਤ ਤੈਨੂੰ ਕੂਕ ਕੇ ਸੀ ਰਹੀ ਵੰਗਾਰ
ਸੰਘਣੇ ਸਿੰਮਲਾਂ ਦੇ ਹੇਠਾਂ ਬੈਠਿਆਂ
ਕਰ ਰਹੇ ਸਾਂ ਸਰਬ-ਸਮਿਆਂ ‘ਤੇ ਵਿਚਾਰ
ਜਦ ਹੀ ਕੂੰਜਾਂ ਅਸਾਡੇ ਸਿਰਾਂ ਤੋਂ
ਲੰਘ ਗਈਆਂ ਸੀ ਬਣਾ ਲੰਮੀ ਕਤਾਰ
ਤੂੰ ਕਿਹਾ ਸੀ-ਹਾਏ ਇਨ੍ਹਾਂ ਦੇ ਬੱਚੜੇ
ਰਹਿਣ ਦੱਬੇ ਰੇਤ ਦੇ ਵਿਚ ਤੱਤੜੇ
ਬਹੁਤ ਹੀ ਨਿਰਮੋਹੀ ਹਨ ਇਹ ਪੰਖੜੂ
ਇਨ੍ਹਾਂ ‘ਚ ਇਕ ਮੋਹ-ਪਰੀ ਦਾ ਹੈ ਸਰਾਪ
ਕਰਨਗੇ ਲੋਕੀਂ ਏਨ੍ਹਾਂ ਦਾ ਨਿੱਤ ਸ਼ਿਕਾਰ
ਲੱਖ ਭਾਵੇਂ ਬੰਨ੍ਹ ਕੇ ਉੱਡਣ ਕਤਾਰ
ਲੱਖ ਭਾਵੇਂ ਹੋਏ ਇਨ੍ਹਾਂ ਦਾ ਪਿਆਰ
ਬਨਣਗੇ ਢਿੱਡਾਂ ‘ਚ ਇਨ੍ਹਾਂ ਦੇ ਮਜ਼ਾਰ
ਫੇਰ ਤੂੰ ਮੁੜ ਮੁੱਖ ‘ਤੇ ਹਾਸੀ ਖਿਲਾਰ
ਆਖਿਆ ਸੀ ਬੁੱਲ੍ਹੀਆਂ ‘ਤੇ ਜੀਭ ਮਾਰ
ਮੈਂ ਤਾਂ ਤੈਨੂੰ ਬਹੁਤ ਹੀ ਕਰਦੀ ਹਾਂ ਪਿਆਰ
ਤੂੰ ਜਦੋਂ ਮੈਨੂੰ ਮਿਲੀ ਸੈਂ ਚੌਥੀ ਵਾਰ
ਪੱਤਝੜਾਂ ਵਿਚ ਬਦਲ ਚੁੱਕੀ ਸੀ ਬਹਾਰ ।

ਤੂੰ ਜਦੋਂ ਮੈਨੂੰ ਮਿਲੀ ਹੈਂ ਏਸ ਵਾਰ
ਦਗ਼ ਰਹੇ ਨੇ ਮੇਰੇ ਸਾਹਵੇਂ ਕੁਝ ਅੰਗਾਰ
ਧੁਖ਼ ਰਹੇ ਨੇ ਅੱਧ-ਜਲੇ ਮੋਛੇ ਸਿਆਹ
ਭਰ ਰਿਹਾ ਮੇਰੀ ਹਿੱਕ ਵਿਚ ਧੂੰਆਂ ਜਿਹਾ
ਵਗ ਰਹੀ ਹੈ ਹੌਕਿਆਂ ਦੀ ਇਕ ਝਲਾਰ
ਮੈਂ ਤੇਰੇ ਤੋਂ ਬਹੁਤ ਹੀ ਹਾਂ ਸ਼ਰਮਸਾਰ
ਕਰ ਨਾ ਸਕਿਆ ਆਖ਼ਰੀ ਤੇਰਾ ਦੀਦਾਰ
ਫਿਰ ਵੀ ਮੈਨੂੰ ਮੌਤ ਵਾਕਣ ਹੈ ਯਕੀਨ
ਤੂੰ ਮੇਰੀ ਅਗਲੇ ਜਨਮ ਵਿਚ ਮਾਂ ਬਣੇਂਗੀ
ਜਾਂ ਮੇਰੀ ਤਰੀਮਤ ਦੀ ਕੁੱਖੋਂ ਤੂੰ ਜਣੇਂਗੀ
ਜਾਂ ਮੇਰੇ ਦੁੱਖਾਂ ਦੀ ਤੂੰ ਬੇਲਣ ਬਣੇਂਗੀ
ਮਾਏ ਨੀ, ਧੀਏ ਨੀ ਮੇਰੀਏ ਮਹਿਰਮੇ
ਕਰ ਕੇ ਤੈਨੂੰ ਜਾ ਰਿਹਾ ਹਾ ਨਮਸਕਾਰ
ਦਗ਼ ਰਹੇ ਨੇ ਮੇਰੇ ਸਾਹਵੇਂ ਕੁਝ ਅੰਗਾਰ
ਧੁਖ਼ ਰਹੇ ਨੇ ਅੱਧ-ਜਲੇ ਮੋਛੇ ਸਿਆਹ
ਮਿਲ ਗਿਆ ਮਿੱਟੀ ‘ਚ ਹੈ ਤੇਰਾ ਆਕਾਰ
ਤੂੰ ਜਦੋਂ ਮੈਨੂੰ ਮਿਲੀ ਹੈਂ ਏਸ ਵਾਰ ।