Punjabi Poetry

Shiv Kumar Batalvi – Yaad


ਇਹ ਕਿਸ ਦੀ ਅੱਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ
ਪਾ ਕੇ ਨੱਕ ਵਿਚ ਰਾਤ ਹੈ ਆਈ
ਪੁੱਤਰ ਪਲੇਠੀ ਦਾ ਮੇਰਾ ਬਿਰਹਾ
ਫਿਰੇ ਚਾਨਣੀ ਕੁੱਛੜ ਚਾਈ
ਇਹ ਕਿਸ ਦੀ ਅੱਜ ਯਾਦ ਹੈ ਆਈ ।

ਉੱਡਦੇ ਬੱਦਲਾਂ ਦਾ ਇਕ ਖੰਡਰ
ਵਿਚ ਚੰਨੇ ਦੀ ਮੱਕੜੀ ਬੈਠੀ
ਬਿੱਟ-ਬਿੱਟ ਦੇਖੇ ਭੁੱਖੀ-ਭਾਣੀ
ਤਾਰਿਆਂ ਵੱਲੇ ਨੀਝ ਲਗਾਈ
ਰਿਸ਼ਮਾਂ ਦਾ ਇਕ ਜਾਲ ਵਿਛਾਈ
ਇਹ ਕਿਸ ਦੀ ਅੱਜ ਯਾਦ ਹੈ ਆਈ ।

ਉਫ਼ਕ ਜਿਵੇਂ ਸੋਨੇ ਦੀ ਮੁੰਦਰੀ
ਚੰਨ ਜਿਵੇਂ ਵਿਚ ਸੁੱਚਾ ਥੇਵਾ
ਧਰਤੀ ਨੂੰ ਅੱਜ ਗਗਨਾਂ ਭੇਜੀ
ਪਰ ਧਰਤੀ ਦੇ ਮੇਚ ਨਾ ਆਈ
ਵਿਰਥਾ ਸਾਰੀ ਗਈ ਘੜਾਈ
ਇਹ ਕਿਸ ਦੀ ਅੱਜ ਯਾਦ ਹੈ ਆਈ ।

ਰਾਤ ਜਿਵੇਂ ਕੋਈ ਕੁੜੀ ਝਿਊਰੀ
ਪਾ ਬੱਦਲਾਂ ਦਾ ਪਾਟਾ ਝੱਗਾ
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ ‘ਤੇ ਆਈ
ਟੁਰੇ ਵਿਚਾਰੀ ਊਂਧੀ ਪਾਈ
ਇਹ ਕਿਸ ਦੀ ਅੱਜ ਯਾਦ ਹੈ ਆਈ ।

ਅੰਬਰ ਦੇ ਅੱਜ ਕੱਲਰੀ ਥੇਹ ‘ਤੇ
ਤਾਰੇ ਜੀਕਣ ਰੁਲਦੇ ਠੀਕਰ
ਚੰਨ ਕਿਸੇ ਫੱਕਰ ਦੀ ਦੇਹਰੀ
ਵਿਚ ਰਿਸ਼ਮਾਂ ਦਾ ਮੇਲਾ ਲੱਗਾ
ਪੀੜ ਮੇਰੀ ਅੱਜ ਵੇਖਣ ਆਈ
ਇਹ ਕਿਸ ਦੀ ਅੱਜ ਯਾਦ ਹੈ ਆਈ ।

ਇਹ ਕਿਸ ਦੀ ਅੱਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ
ਪਾ ਕੇ ਨੱਕ ਵਿਚ ਰਾਤ ਹੈ ਆਈ
ਪੁੱਤਰ ਪਲੇਠੀ ਦਾ ਮੇਰਾ ਬਿਰਹਾ
ਫਿਰੇ ਚਾਨਣੀ ਕੁੱਛੜ ਚਾਈ
ਇਹ ਕਿਸ ਦੀ ਅੱਜ ਯਾਦ ਹੈ ਆਈ ।