Punjabi Poetry

Sukhwinder Amrit – Sabak


ਸਬਕ
——

ਮੇਰੀ ਨੰਨੀ ਬੱਚੀ !
ਤੇਰੀ ਮਲੂਕ ਗੱਲ੍ਹ ਤੇ ਉੱਭਰੀ ਹੋਈ
ਆਪਣੇ ਕਠੋਰ ਹੱਥ ਦੀ ਲਾਸ ਦੇਖ ਕੇ
ਮੈਂ ਬਹੁਤ ਸ਼ਰਮਸਾਰ ਹਾਂ
ਮੈਂਨੂ ਮਾਫ਼ ਕਰ
ਮੈਂ ਤੇਰੀ ਗ਼ੁਨਾਹਗਾਰ ਹਾਂ

ਪਤਾ ਨਹੀਂ ਕਿਉ ਂ
ਮੈਂ ਤੇਰੀ ਉਮਰ ਤੇ ਸਮਰਥਾ ਦੇ ਉਲਟ
ਚਾਹੁੰਦੀ ਹਾਂ
ਕਿ ਤੂੰ
ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ ਤੇ ਕਵਿਤਾ
ਤੇ ਜਾਣ ਜਾਵੇਂ

ਮਰਦ ਮਾਇਨੇ ਹਕੂਮਤ
ਔਰਤ ਮਾਇਨੇ ਬੇਬਸੀ
ਝਾਂਜਰ ਮਾਇਨੇ ਬੇੜੀ
ਚੂੜੀ ਮਾਇਨੇ ਹੱਥਕੜੀ

ਤੈਨੂੰ ਇਹ ਵੀ ਪਤਾ ਲੱਗੇ
ਕਿ ਇਹਨਾਂ ਸ਼ਬਦਾਂ ਦੇ ਉਲਟੇ ਅਰਥ
ਕਿਸ ਨੇ ਅਤੇ ਕਿਉ ਂ ਬਣਾਏ ਨੇ

ਚਾਹੀਦਾ ਤਾਂ ਸੀ :

ਮਰਦ ਮਾਇਨੇ ਮੁਹੱਬਤ
ਔਰਤ ਮਾਇਨੇ ਵਫ਼ਾ
ਝਾਂਜਰ ਮਾਇਨੇ ਨਿ੍ਤ
ਚੂੜੀ ਮਾਇਨੇ ਅਦਾ

ਇਸੇ ਲਈ ਮੈਂ ਚਾਹੁੰਦੀ ਹਾਂ
ਤੂੰ ਛੇਤੀ ਛੇਤੀ ਸਿੱਖ ਜਾਵੇਂ
ਊੜਾ, ਆੜਾ
ਕਾਇਦਾ, ਕਿਤਾਬ
ਤੇ ਕਵਿਤਾ

ਤੇ ਮੁਕਤ ਕਰ ਸਕੇਂ
ਸ਼ਬਦਾਂ ਨੂੰ
ਗ਼ਲਤ ਅਰਥਾਂ ਦੀ ਕੈਦ ‘ਚੋਂ
ਲੜ ਸਕੇਂ
ਸ਼ਬਦਾਂ ਦੇ
ਸਹੀ ਅਰਥਾਂ ਲਈ