Punjabi Poetry

Surjit Singh Patar – Bhatkde si sadiyaan ton bechain jehde


ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ
ਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀ
ਕਿਵੇਂ ਸੌਂਂ ਗਏ ਸ਼ਾਂਤ ਤੇਰੇ ਵਣਾਂ ਵਿਚ
ਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ

ਕਿਸੇ ਨੇ ਸੀ ਧਰਤੀ ‘ਤੇ ਦਾਣੇ ਖਿਲਾਰੇ
ਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇ
ਫਸੇ ਜਾਲ ਅੰਦਰ ਉਹ ਆ ਕੇ ਵਿਚਾਰੇ
ਜੋ ਸਨ ਬਹੁਤ ਉੱਚੀਆਂ ਹਵਾਵਾਂ ਦੇ ਪੰਛੀ

ਕੁੱਝ ਏਦਾਂ ਦੇ ਝੱਖੜ ਸੀ ਉਸ ਰਾਤ ਚੱਲੇ
ਮਰੇ ਹੋਏ ਦੇਖੇ ਦਰਖਤਾਂ ਦੇ ਥੱਲੇ
ਮੁਹੱਬਤ, ਵਫਾ, ਹੁਸਨ, ਨੇਕੀ, ਸ਼ਰਾਫਤ
ਇਹੋ ਜੇਹੇ ਮਨਮੋਹਣੇ ਨਾਵਾਂ ਦੇ ਪੰਛੀ

ਹਵਾਵਾਂ ‘ਚ ਤਰਦੀ ਇਹ ਸੌਗਾਤ ਆਈ
ਢਲੀ ਸ਼ਾਮ ਜਿਸ ਦਮ, ਜਦੋਂ ਰਾਤ ਆਈ
ਸਿਰਫ ਸੜਦੇ ਜੰਗਲ ‘ਚੋਂ ਕੁਰਲਾਟ ਆਈ
ਗਏ ਨਾ ਮੁੜੇ ਮੇਰੇ ਚਾਵਾਂ ਦੇ ਪੰਛੀ