Punjabi Poetry

Surjit Singh Patar – Hun waqt chaal aisi koi hor chal gya


ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ

ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ,
ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ

ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ,
ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ‘ਚ ਰਲ ਗਿਆ ਹੈ

ਉਂਜ ਤੇਰੇ ਕੋਲ ‘ਪਾਤਰ’ ਹੁਣ ਕਹਿਣ ਨੂੰ ਵੀ ਕੀ ਹੈ,
ਇਕ ਖ਼ਾਬ ਸੀ ਨਾ, ਉਹ ਵੀ ਹੰਝੂ ‘ਚ ਢਲ ਗਿਆ ਹੈ

ਕਿੱਥੇ ਨੇ ਤੇਰੇ ਨੈਣੀਂ ਉਹ ਸੰਦਲੀ ਸਵੇਰੇ,
ਕਿੱਥੇ ਉਹ ਤੇਰੇ ਦਿਲ ਦਾ ਖਿੜਿਆ ਕੰਵਲ ਗਿਆ ਹੈ

ਬੀਤੇ ਸਮੇਂ ਦੀ ਮੂਰਤ ਬਣ ਲਟਕਜਾ ਖ਼ਿਲਾਅਵਿਚ,

ਪੈਰੋਂ ਜ਼ਮੀਨ ਹੱਥੋਂ ਵੇਲਾ ਨਿਕਲ ਗਿਆ ਹੈ

ਮੁਜਰਿਮ ਹੀ ਬਹਿ ਗਿਆ ਹੈ, ਮੁਨਸਿਫ ਦੀ ਥਾਂ ਤੇ ਆ ਕੇ,

ਇਨਸਾਫ ਦਾ ਤਰੀਕਾ ਕਿੰਨਾ ਬਦਲ ਗਿਆ ਹੈ