Surjit Singh Patar – Kehda kise di gall sunan nu tyaar si
ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਉੱਤਰ ਹਰੇਕ ਪ੍ਰਸ਼ਨ ਦਾ ਓਥੇ ਕਟਾਰ ਸੀ
ਹਥਿਆਰ ਬੋਲਦੇ ਸੀ ਤੇ ਸ਼ਾਇਰ ਖ਼ਾਮੋਸ਼ ਸਨ
ਰਹਿਬਰ ਭਟਕ ਗਏ ਤੇ ਮਸੀਹਾ ਬਿਮਾਰ ਸੀ
ਕਬਰਾਂ ‘ਚ ਚਹਿਲ ਪਹਿਲ ਸੀ, ਗਲੀਆਂ ਸੀ ਸੁੰਨੀਆਂ
ਸਿਵਿਆਂ ‘ਚ ਲੋ ਸੀ ਹੋਰ ਹਰ ਥਾਂ ਅੰਧਕਾਰ ਸੀ
ਤੇਰਾ ਤੇ ਮੇਰਾ ਸੁਹਣਿਆਂ ਏਨਾ ਹੀ ਪਿਆਰ ਸੀ
ਬਦਲੀ ਹਵਾ ਦੇ ਸਿਰਫ਼ ਇਕ ਝੋਂਕੇ ਦੀ ਮਾਰ ਸੀ
ਯਾਦਾਂ ‘ਚ ਧੁੰਦਲੇ ਹੋਣਗੇ, ਫਿਰ ਮਿਟ ਵੀ ਜਾਣਗੇ
ਉਹ ਨਕਸ਼ ਮੇਰੇ ਜਿਹਨਾਂ ਤੇ ਇਕ ਦਿਨ ਨਿਖ਼ਾਰ ਸੀ
ਸਮਿਆਂ ਦੀ ਗਰਦ ਹੇਠ ਹੁਣ ਉਹ ਗਰਦ ਹੋ ਗਈ
ਉਹ ਯਾਦ ਜੋ ਕਿ ਕਾਲਜੇ ਇਕ ਦਿਨ ਕਟਾਰ ਸੀ
ਆਪਾਂ ਮਿਲੇ ਤਾਂ ਮੈਂ ਕਿਹਾ ਮੈਂ ਹੁਣ ਨਾ ਵਿਛੜਨਾ
ਉਂਜ ਵਿਛੜਿਆ ਤਾਂ ਜ਼ਿੰਦਗੀ ਵਿਚ ਵਾਰ ਵਾਰ ਸੀ
ਮਾਸੂਮ ਤੇਰੇ ਨੈਣ ਯਾਦ ਆਏ ਤਾਂ ਰੋ ਪਿਆ
ਜੀਵਨ ਦਾ ਸੱਚ ਸੁਹਣਿਆਂ ਕਿੰਨਾ ਅੱਯਾਰ ਸੀ
ਇਕ ਵੇਲ ਵਿਛੜੀ ਬਿਰਖ ਤੋਂ ਤਾਂ ਬਿਰਖ ਰੋ ਪਿਆ
ਅੰਦਰੋਂ ਜਿਵੇਂ ਕਿ ਬਿਰਖ ਵੀ ਇਕ ਵੇਲਹਾਰ ਸੀ