Surjit Singh Patar – Tera ditta phull v seene da khanjar ho gya
ਤੇਰਾ ਦਿੱਤਾ ਫੁੱਲ ਵੀ ਸੀਨੇ ਦਾ ਖ਼ੰਜਰ ਹੋ ਗਿਆ
ਸੋਚਿਆ ਸੀ ਨਾ ਕਦੇ ਇਉਂ ਹੋਏਗਾ ਪਰ ਹੋ ਗਿਆ
ਫੁੱਲ ਤੋਂ ਮੈਂ ਅੱਗ ਬਣਿਆ ਅੱਗ ਤੋਂ ਹੋਇਆ ਮੈਂ ਨੀਰ,
ਤੜਪਿਆ ਲੁਛਿਆ ਬਹੁਤ ਫਿਰ ਸਿੱਲ ਪੱਥਰ ਹੋ ਗਿਆ
ਜਿਸ ਨੂੰ ਰੋਕਣ ਵਾਸਤੇ ਮੈਂ ਰੋਕ ਰੱਖੇ ਹਿੱਕ ਤੇ,
ਸੌ ਦਿਨਾ ਰਾਤਾਂ ਦੇ ਪਹੀਏ ਉਹ ਵੀ ਆਖਰ ਹੋ ਗਿਆ
ਦੋਸਤੀ ਕੀ ਦੁਸ਼ਮਣੀ ਕੀ, ਜਿੰਦਗੀ ਕੀ, ਮੌਤ ਕੀ,
ਜਦ ਨਜ਼ਰ ਬਦਲੀ ਤੇਰੀ ਸਭ ਕੁਝ ਬਰਾਬਰ ਹੋ ਗਿਆ
ਹੋਇਆ ਕੀ ਜੇ ਸੰਨ੍ਹ ਲੱਗੀ ਦਿਲ ‘ਚ ਹੋਇਆ ਚਾਨਣਾ,
ਛਾਨਣੀ ਹੋਇਆ ਜੋ ਦਿਲ ਰਾਤਾਂ ਦਾ ਅੰਬਰ ਹੋ ਗਿਆ
ਨਾ ਕੋਈ ਮੱਥੇ ‘ਚ ਚਾਨਣ ਨਾ ਕੋਈ ਸੀਨੇ ‘ਚ ਸੇਕ
ਇਸ ਤਰਾਂ ਦਾ ਕਿਸ ਤਰਾਂ ‘ਸੁਰਜੀਤ ਪਾਤਰ’ ਹੋ ਗਿਆ