Ustad Daman – Jinha ranna de mard kmau hunde

ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ,
ਖੁੱਲ੍ਹ ਕੇ ਵਿਚ ਸ਼ਰੀਕੇ ਦੇ ਬਹਿੰਦੀਆਂ ਨੇ ।
ਜਿਵੇਂ ਅੱਲੜ੍ਹ ਜਵਾਨੀ ਦੇ ਸਮੇਂ ਅੰਦਰ,
ਚੁੰਨੀਆਂ ਸਿਰਾਂ ਤੋਂ ਲਹਿ ਲਹਿ ਪੈਂਦੀਆਂ ਨੇ ।

ਜਿਹਨਾਂ ਮਾਵਾਂ ਦੇ ਪੁੱਤ ਨਲਾਇਕ ਹੁੰਦੇ,
ਉਹ ਬਾਹਰ ਸ਼ਰੀਕਿਓਂ ਰਹਿੰਦੀਆਂ ਨੇ ।
ਜਿਹੜੀਆਂ ਇੱਟਾਂ ਚੌਬਾਰਿਓਂ ਡਿੱਗਦੀਆਂ ਨੇ,
ਉਹ ਸਿੱਧੀਆਂ ਮੋਰੀ ‘ਚ ਪੈਂਦੀਆਂ ਨੇ ।

ਜਦੋਂ ਆਪਣੀ ਜੇਬ ਤੋਂ ਫਾਂਕ ਹੋਈਏ,
ਕਦੋਂ ਯਾਰੀਆਂ ਗੂੜ੍ਹੀਆਂ ਰਹਿੰਦੀਆਂ ਨੇ ।
ਜਿਹਨਾਂ ਟਾਹਣੀਆਂ ਨਾਲ ਨਾ ਫੁੱਲ ਲੱਗਣ,
ਉਹਨਾਂ ਉੱਤੇ ਨਾ ਬੁਲਬੁਲਾਂ ਬਹਿੰਦੀਆਂ ਨੇ ।

ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ,
ਏਨੀ ਗੱਲ ਨਾ ਖ਼ਲਕਤਾਂ ਵਿੰਹਦੀਆਂ ਨੇ ।
ਜਿਹੜੀ ਬੇਰੀ ਨੂੰ ਲੱਗਦੇ ਬੇਰ ਬਹੁਤੇ,
ਇੱਟਾਂ ਓਸੇ ਨੂੰ ਬਹੁਤੀਆਂ ਪੈਂਦੀਆਂ ਨੇ ।

ਅੱਖਾਂ ਖੁੱਲ੍ਹਦੀਆਂ ਤੇ ਹੋਸ਼ਾਂ ਆਉਂਦੀਆਂ ਨੇ,
ਜਦੋਂ ਆਣ ਸਿਰ ‘ਤੇ ਭੀੜਾਂ ਪੈਂਦੀਆਂ ਨੇ ।
ਗਿਰੀਆਂ ਉਦੋਂ ਬਦਾਮਾਂ ‘ਚੋਂ ਬਾਹਰ ਆਵਣ,
ਜਦੋਂ ਉਹਨਾਂ ਉੱਤੇ ਸੱਟਾਂ ਪੈਂਦੀਆਂ ਨੇ ।

ਜਦੋਂ ਪਾਣੀ ਦਰਿਆਵਾਂ ‘ਚੋਂ ਮੁੱਕ ਜਾਂਦੇ,
ਕਦੋਂ ਮੱਛੀਆਂ ਜਿਊਂਦੀਆਂ ਰਹਿੰਦੀਆਂ ਨੇ ।
ਜਦੋਂ ਆਣ ਮਕਾਨ ਨੂੰ ਕੇਹ ਲੱਗਦੀ,
ਕੰਧਾਂ ਆਪਣੇ ਆਪ ਫਿਰ ਢਹਿੰਦੀਆਂ ਨੇ ।