Ustad Daman – Sheyars

1.

ਲਹੂ ਨਾ ਮਿਲੇ ਜਦ ਤਕ ਬਹਾਰਾਂ ਦਾ,
ਲਾਲੀ ਕੌਮ ਦੇ ਚਿਹਰੇ ‘ਤੇ ਆਉਂਦੀ ਨਹੀਂ ।

2.

ਗੰਦੇ ਦਿਲਾਂ ਨੂੰ ਬਹੁਤੀ ਏ ਮਾਰ ਪੈਂਦੀ,
ਮੈਲੇ ਕੱਪੜੇ ਨੂੰ ਧੋਬੀ ਛੱਟਦੇ ਨੇ ।
ਜੇਕਰ ਛੱਟਿਆਂ ਮੈਲ ਨਾ ਸਾਫ਼ ਹੋਵੇ,
ਰੰਗ ਕਾਟ ਪਾ ਕੇ ਮੈਲ ਕੱਟਦੇ ਨੇ ।

3.

‘ਦਾਮਨ’ ਚਾਹਨਾਂ ਏਂ ਜੇ ਤੂੰ ਜ਼ਰਬ ਲੱਗੇ,
ਵਿਚ ਜਾਹਿਲਾਂ ਦਨਾਈ ਤਕਸੀਮ ਨਾ ਕਰ ।

4.

ਐਬ ਜੱਗ ਦੇ, ਫੋਲ ਕੇ ਖ਼ੁਸ਼ੀ ਕਰਨਾ ਏਂ,
ਆਪਣੇ ਮਨ ‘ਚ ਝਾਤੀ ਕਿਉਂ ਮਾਰਦਾ ਨਹੀਂ ।
ਹਰ ਥਾਂ ਫੂਟਕਾਂ ਦੇ ਤੰਬੂ ਤਾਣਦਾ ਏਂ,
ਕਦੇ ਆਪਣੀ ਹੱਠ ਤੋਂ ਹਾਰਦਾ ਨਹੀਂ ।

5.

ਮਾੜੇ ਕਰਨ ਉਡੀਕ ਕਿਆਮਤਾਂ ਦੀ,
ਵੱਡੇ ਖੋਹਲਦੇ ਇਥੇ ਅਜੰਸੀਆਂ ਨੇ ।
ਜਿਥੇ ਲੱਗਣ ਜੁਮੇ ਬਾਜ਼ਾਰ ਨਾਹੀਂ,
ਸਾਨੂੰ ਮਿਲਣੀਆਂ ਓਥੇ ਕਰੰਸੀਆਂ ਨੇ ।

6.

ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ,
ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ ।
ਇਹ ਵਸਤੀਆਂ ਅਮਨ ਅਮਾਨ ਵੱਸਣ,
ਪੈਦਾ ਕਰੋ ਮਿਠਾਸ ਇਨਸਾਨ ਅੰਦਰ ।

7.

ਮੈਂ ਕਿਧਰੇ ਵਾਂ ਤੂੰ ਵੀ ਕਿਧਰੇ,
ਮੈਂ ਕੋਈ ਹੋਰ ਤੂੰ ਹੋਰ ਤੇ ਨਹੀਂ ।
ਲੁਕ ਲੁਕ ਬਹਿਨਾ ਏਂ, ਇਹ ਗੱਲ ਦੱਸ ਦੇ,
ਮੇਰਾ ਰੱਬ ਏਂ ਚੋਰ ਤੇ ਨਹੀਂ ।

8.

ਸਮਝ ਆਉਂਦੀ ਤੇ ਸਮਝਾਉਂਦੀ ਏ ।
ਇਕ ਭਾਗ ਬੰਦੇ ਨੂੰ ਲਾਉਂਦੀ ਏ ।
ਪਰ ਕੀ ਕਰੀਏ ਬੇ-ਸਮਝੀ ਨੂੰ,
ਸਮਝ ਆਉਂਦੇ ਆਉਂਦੇ ਆਉਂਦੀ ਏ ।

9.

ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ,
ਖ਼ੌਰੇ ਅਰਸ਼ ‘ਤੇ ਬੈਠਾ ਤੇ ਕੀ ਕਰਦਾ ।
ਇਹ ਦੁਨੀਆਂ ਬਣਾ ਘੁਮੰਡ ਏਡਾ,
ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।

10.

ਸੱਚ ਬੋਲਿਆ ਜਿਹਨੇ ਵੀ, ਦਾਰ ਚੜ੍ਹਿਆ,
ਸੱਚ ਬੋਲ ਕੇ ਹੋਏ ਨੁਕਸਾਨ ਲੱਖਾਂ ।
ਸਿੱਕਾ ਝੂਠ ਦਾ ਏ ਚਮਕਦਾਰ ‘ਦਾਮਨ’
ਇਹਨੂੰ ਵੇਖ ਕੇ ਚੁੰਨ੍ਹੀਆਂ ਹੋਣ ਅੱਖਾਂ ।

11.

ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ,
ਅਸੀਂ ਗੋਲ ਮਟੋਲ ਜਹੇ ਹੋ ਗਏ ਹਾਂ ।
ਸੁਣ ਸੁਣ ਝੂਠ ਜ਼ਮਾਨੇ ਤੋਂ ਸੱਚ ਭੁੱਲੇ,
ਅਸੀਂ ਆਪ ਅਣਭੋਲ ਜਹੇ ਹੋ ਗਏ ਹਾਂ ।

12.

ਟੋਪੀ ਦੇ ਵਿਚ ਗੰਗਾ ਜਮਨਾ, ਪੈਂਦੇ ਵਿਚ ਸ਼ਿਵਾਲੇ ਜੀ ।
ਏਧਰ ਓਧਰ ਕੀਹ ਭੌਨਾ ਏਂ, ਪਾਸੇ ਬੈਠ ਕੇ ਹੁੱਕਾ ਪੀ ।

13.

ਇੱਕੋ ਬੰਦਾ ਹੈ ਪਾਕਿਸਤਾਨ ਅੰਦਰ,
ਹੋਰ ਸੱਭੇ ਰਾਮ ਕਹਾਣੀਆਂ ਨੇ।
ਭਾਵੇਂ ਭੁੱਟੋ ਹੋਵੇ, ਭਾਵੇਂ ਵੱਟੂ ਹੋਵੇ,
ਸਦਰ ਆਯੂਬ ਦੀਆਂ ਸੱਭੇ ਵੱਟਵਾਣੀਆਂ ਨੇ।

14.

ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ,
ਖੂਹਾਂ ਵਗਦਿਆਂ ਦਾ ਪਾਣੀ ਸਾਫ਼ ਹੁੰਦਾ ।
ਏਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ,
ਜ਼ੋਰਾਵਰਾਂ ਦੇ ਨਾਲ ਇਨਸਾਫ਼ ਹੁੰਦਾ ।

15.

ਬੇਗ਼ਮ ਕੀ ਕਹਿੰਦੀ, ਗਰਾਰਾ ਕੀ ਕਹਿੰਦਾ ।
ਅਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ,
ਜੋ ਦੌਰਾ ਵੀ ਪੈਂਦਾ, ਅਮਰੀਕਾ ਦਾ ਪੈਂਦਾ ।

16.

ਜ਼ਿੰਦਾਬਾਦ ਅਮਰੀਕਾ
ਹਰ ਮਰਜ਼ ਦਾ ਟੀਕਾ
ਜ਼ਿੰਦਾਬਾਦ ਅਮਰੀਕਾ

17.

ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ,
ਉਹਨੇ ਜ਼ਿਮੀਂ ਦਾ ਗੋਲਾ ਘੁਮਾ ਛੱਡਿਆ ।
ਚੀਕਾਂ ਵਿਚ ਆਵਾਜ਼ ਇਕ ਅਮਨ ਦੀ ਸੀ,
ਕਿਸੇ ਜ਼ਾਲਿਮ ਨੇ ਗਲਾ ਦਬਾ ਛੱਡਿਆ ।

18.

ਸ਼ਾਨ ਆਪਣੀ ਵਧਾਣ ਦੀ ਖ਼ੁਸ਼ੀ ਕਰਨਾ ਏਂ,
ਕਦੇ ਕਿਸੇ ਦਾ ਕੰਮ ਸੁਆਰਦਾ ਨਹੀਂ ।
‘ਦਾਮਨ’ ਫੁੱਟ ਦੇ ਬਹਿਰ ਵਿਚ ਜੋ ਡੁੱਬੇ,
ਉਹਨੂੰ ਨਜ਼ਰ ਆਉਂਦਾ ਕੰਢਾ ਪਾਰ ਦਾ ਨਹੀਂ ।

19.

ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ,
ਭਾਵੇਂ ਹੋਣ ਕਾਲੇ ਭਾਵੇਂ ਹੋਣ ਗੋਰੇ ।
ਤਗੜਾ ਧੌਣ ਕਨੂੰਨ ਦੀ ਮੋੜ ਲੈਂਦਾ,
ਦੇ ਕੇ ਸੋਨੇ ਦੇ ਦੌਲਤਾਂ ਨਾਲ ਬੋਰੇ ।

20.

ਬਿਹਤਰ ਮੌਤ ਆਜ਼ਾਦੀ ਦੀ ਸਮਝਦੇ ਹਾਂ,
ਅਸੀਂ ਏਸ ਗ਼ੁਲਾਮੀ ਦੀ ਜ਼ਿੰਦਗੀ ਤੋਂ ।
ਸਾਡਾ ਵਤਨ ਹਕੂਮਤ ਹੈ ਗ਼ੈਰ ਵਤਨੀਂ,
ਮਰ ਮਿਟਾਂਗੇ ਏਸ ਸ਼ਰਮਿੰਦਗੀ ਤੋਂ ।

21.

ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ,
ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ ।
ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ,
ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।

22.

ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ,
ਹਿੰਦੋਸਤਾਨੀਆਂ ਜ਼ਰਾ ਹੁਸ਼ਿਆਰ ਰਹਿਣਾ ।
ਗੰਦਾ ਹੋਏ ਨਾ ਪਾਣੀ ਧਿਆਨ ਰੱਖਣਾ,
ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ ।

23.

ਕਮਲੀ ਅਕਲ ਤੇਰੀ ਸ਼ੱਕ ਕੋਈ ਨਾ,
ਦਾਨਿਸ਼ ਜਾਹਿਲਾਂ ਤੋਂ ਪਿਆ ਵਾਰਨਾ ਏਂ ।
‘ਦਾਮਨ’ ਸ਼ੇਅਰ ਸੁਣਾ ਕੇ ਮੂਰਖਾਂ ਨੂੰ,
ਮੋਤੀ ਪੱਥਰਾਂ ‘ਤੇ ਪਿਆ ਮਾਰਨਾ ਏਂ ।

24.

ਮੇਰੀ ਜਾਨ ਜੁਦਾਈ ਤੇਰੀ, ਕੀ ਹੋਈਆਂ ਤਕਸੀਰਾਂ ।
ਕੰਡਿਆਂ ਉੱਤੇ ਹੰਢਿਆ ਲੀੜਾ, ਜੇ ਲਾਹਵਾਂ ਤੇ ਲੀਰਾਂ ।

25.

ਦਿਲ ਮੇਰੇ ਦਾ ਖ਼ੂਨ ਜੇ ਹੋਇਆ ਕਤਰੇ ਅੱਖੀਂ ਅਪੜੇ ।
ਬੱਦਲਾਂ ਅੱਗੇ ਠਹਿਰ ਨਾ ਸਕਦੇ, ਰੰਗ ਬਰੰਗੇ ਕਪੜੇ ।

26.

ਮੈਥੋਂ ਪੁੱਛਦੇ ਹੋ ਮੈਨੂੰ ਕੀਹ ਮਿਲਿਆ,
ਉਹਦੇ ਹਿਜਰ ਤੇ ਉਹਦੇ ਪਿਆਰ ਵਿਚੋਂ ।
ਦਿਲ ਦੇ ਖਰੀਦਿਆ ਛਨਕਣਾ ਮੈਂ,
ਉਹਦੇ ਹੁਸਨ ਦੇ ਮੀਨਾ ਬਾਜ਼ਾਰ ਵਿਚੋਂ ।

27.

ਤੇਰੀ ਮੁੱਠੀ ਵਿਚ ਬੰਦ ਹੈ ਜਾਨ ਮੇਰੀ,
ਰੰਗ ਮਹਿੰਦੀਆਂ ਦੇ ਗੂੜ੍ਹੇ ਚੜ੍ਹੇ ਹੋਏ ਨੇ ।
ਮੇਰੇ ਕਤਲ ਦਾ ਪੂਰਾ ਸਬੂਤ ਮਿਲਦਾ,
ਤੇਰੇ ਹੱਥ ਜੋ ਲਹੂ ਨਾਲ ਭਰੇ ਹੋਏ ਨੇ ।

28.

ਅਲਗਰਜ਼ ਅੱਗੇ ਗਰਜ਼ ਪੇਸ਼ ਕਰਕੇ,
ਅੰਨ੍ਹੇ ਅੱਗੇ ਮੂਰਖਾ ਰੋਣ ਲੱਗਾ ਏਂ ।
‘ਦਾਮਨ’ ਸਮਝ ਲੈ ਮਾਰੀ ਗਈ ਮੱਤ ਤੇਰੀ,
ਗਾਂ ਸਮਝ ਕੇ ਝੋਟੇ ਨੂੰ ਚੋਣ ਲੱਗਾ ਏਂ ।

29.

ਆਈ ਜਵਾਨੀ ਗਈ ਜਵਾਨੀ,
ਜਿਉਂ ਬੱਦਲਾਂ ਦੀ ਛਾਂ ।
ਭਾਵੇਂ ਰਹੀ ਇਹ ਚਾਰ ਦਿਹਾੜੇ,
ਤਾਂ ਵੀ ਭੁੱਲੇ ਨਾ ।

30.

ਆਈ ਜਵਾਨੀ ਗਈ ਜਵਾਨੀ,
ਜਿਵੇਂ ਵੱਸਦੇ ਘਰ ‘ਚੋਂ ਚੋਰ ।
ਫੜਦਿਆਂ ਜੀਕਰ ਨਿਕਲੇ ਹੱਥੋਂ,
ਕਟੀ ਪਤੰਗ ਦੀ ਡੋਰ ।

31.

ਦਾਰੂ ਘਰ ਦਾ ਬੂਹਾ ਖੁੱਲ੍ਹਿਆ,
ਬੁੱਲੇ ਆਏ ਖ਼ੁਸ਼ਬੂਆਂ ਦੇ ।
ਰਿੰਦਾਂ ਦਾਰੂ ਛੱਡਣਾ ਨਾਹੀਂ,
ਕੀ ਫ਼ਾਇਦੇ ਮੁੱਲਾਂ ਸੂਹਾਂ ਦੇ ।

32.

ਨੱਚੇ ਵਿਚ ਖ਼ਿਆਲ ਸੁਰਾਹੀ,
ਅੱਖਾਂ ਵਿਚ ਪਿਆਲਾ ।
ਜਿਉਂ ਤਿਉਂ ਕਰਕੇ ਗਰਮੀ ਕੱਟ ਲਈ,
ਲੰਘੂ ਕਿਵੇਂ ਸਿਆਲਾ ।

33.

ਮੁੱਲਾਂ ਵਾਅਜ਼ ਮਹਿਰਾਬ ‘ਚ ਪਿਆ ਕਰਦਾ,
ਅਸੀਂ ਗੱਲ ਹਾਂ ਦਾਰ ‘ਤੇ ਕਹਿਣ ਵਾਲੇ ।
ਜਿਥੇ ਜ਼ਲਜ਼ਲੇ ਆਂਵਦੇ ਦਿਨੇ ਰਾਤੀਂ,
ਅਸੀਂ ਓਸ ਮਕਾਨ ਦੇ ਰਹਿਣ ਵਾਲੇ ।

34.

ਲੱਗਦਾ ਇੰਝ ਹਵਾ ਨੇ ਸੁੰਘੀ, ਕਿਧਰੋਂ ਸ਼ਾਖ਼ ਅੰਗੂਰੀ ।
ਬਾਗ਼ਾਂ ਦੇ ਵਿਚ ਫੁੱਲ ਮਸਤਾਏ, ਹੋ ਗਏ ਅਤਿ ਸੰਧੂਰੀ ।
ਚੱਲੇ ਤੇਜ਼ ਹਵਾ ਹੋ ਜਾਂਦੇ ਇਕ ਦੂਜੇ ਦੇ ਨੇੜੇ,
ਜਦ ਵਿਛੜਣ ਤੇ ਇੰਝ ਲੱਗਦਾ ਏ, ਰਹਿ ਗਈ ਗੱਲ ਅਧੂਰੀ ।

35.

ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ,
ਹਸ਼ਰ ਤੀਕ ਨਾ ਜਿਸਦਾ ਸਰੂਰ ਉੱਤਰੇ ।
ਸੂਲੀ ਸਾਹਮਣੇ ਹੋਵੇ ਤਾਂ ਸਾਫ਼ ਆਖਾਂ,
ਉੱਤੇ ਮੈਂ ਚੜ੍ਹਨਾਂ ਤੇ ਮਨਸੂਰ ਉੱਤਰੇ ।

36.

ਬਿਜਲੀ ਦੇ ਲਿਸ਼ਕਾਰੇ ਪੈਂਦੇ, ਝੂਮ ਘਟਾਵਾਂ ਆਈਆਂ ।
ਉੱਤੋਂ ਏਸ ਸਮੇਂ ਵਿਚ ਸੱਜਣਾ, ਅੱਖਾਂ ਨਹੀਂ ਪਰਤਾਈਆਂ ।
ਜ਼ਿੰਦਗੀ ਦੇ ਰਿਸ਼ਤੇ ਵਿਚ ਸਾਕੀ, ਟੋਏ ਟਿੱਬੇ ਖਾਈਆਂ ।
ਐਸੇ ਵੇਲੇ ਤੂੰ ਮੈਅਖ਼ਾਨੇ ਨੂੰ ਕਿਉਂ ਨੇ ਕੁੰਡੀਆਂ ਲਾਈਆਂ ।

37.

ਸਮਝ ਸਮਝ ਕੇ ਹੋਰਾਂ ਤਾਈਂ, ਮੈਂ ਲੈਣਾ ਏ ਕੀਹ ।
ਆਪਣਾ ਆਪ ਬੁਝਾਰਤ ਬਣਿਆਂ, ਲੁਕ ਲੁਕ ਬਹਿੰਦਾ ਜੀ ।
ਹੱਕ ਦੀ ਗੱਲ ਸੁਣਾ ਦੇ ਸਭ ਨੂੰ, ਨਾ ਬੁੱਲ੍ਹਾਂ ਨੂੰ ਸੀ ।
ਸੋਚ ਸਮਝ ਦੀ ਐਸੀ ਤੈਸੀ, ਘੁੱਟ ਘੁੱਟ ਕਰਕੇ ਪੀ ।