Shiv Kumar Batalvi – Garabhwati
ਤਨ ਦੀ ਸੰਦਲੀ ਗੇਲੀ ਵਿਚੋਂ
ਇਹ ਕੇਹੀ ਖ਼ੁਸ਼ਬੋ ਪਈ ਆਵੇ
ਜੀਕਣ ਹਿੰਗ ਕਥੂਰੀ ਦੇ ਵਿਚ
ਛਿੱਟ ਸਾਰੀ ਡੁਲ੍ਹ ਜਾਵੇ
ਤੇ ਮਰਨ ਸੁਗੰਧੀਆਂ ।
ਕੁੱਖ ਦੀ ਕਾਲੀ ਧਰਤੀ ਅੰਦਰ
ਚਾਨਣ ਦਾ ਇਕ ਬੂਟਾ ਉੱਗਿਐ
ਇਸ ਬੂਟੇ ਦੇ ਫੁੱਲ ਨੇ ਵਿੱਸੇ
ਜ਼ਹਿਰ-ਕੌੜੀਆਂ ਫਲੀਆਂ
ਘੁੱਟਣ ਸੰਘੀਆਂ ।
ਕੁੱਖ ਦੀ ਸੌੜੀ ਧਰਤੀ ਅੰਦਰ
ਇਹ ਬੂਟਾ ਮੈਂ ਕੀਕਣ ਸਾਂਭਾਂ ?
ਇਹ ਬੂਟਾ ਮੈਂ ਕੀਕਣ ਛਾਂਗਾਂ ?
ਨਿੱਤ ਨਿੱਤ ਹੁੰਦੀਆਂ ਜਾਣ
ਡਾਲੀਆਂ ਲੰਬੀਆਂ ।
ਕੁੱਖ ਦੀ ਧਰਤ ਕੁਆਰੀ ਅੰਦਰ
ਜੇ ਦੁਨੀਆਂ ਦੀ ਮੈਲੀ ਅੱਖ ਨੂੰ
ਇਹ ਬੂਟਾ ਨਜ਼ਰੀਂ ਪੈ ਜਾਸੀ
ਸੱਤ ਜਹਾਨੀਂ ਰੱਜ ਕੇ
ਹੋਸਣ ਭੰਡੀਆਂ ।
ਜਾਵਾਂ ਤੇ ਮੈਂ ਕਿੱਤ ਵੱਲ ਜਾਵਾਂ
ਕਿਸ ਮਰੀਅਮ ਨੂੰ ਹਾਲ ਸੁਣਾਵਾਂ
ਇਕ ਪੜੋਪੀ ਆਟੇ ਖ਼ਾਤਰ
ਵਿਕਣ ਹਵਾ ਦੀਆਂ ਜਾਈਆਂ ਨੀ
ਵਿਚ ਮੰਡੀਆਂ ।
ਏਸ ਸ਼ਹਿਰ ਦੀ ਚੌੜੀ ਹਿੱਕ ‘ਤੇ
ਮੇਰੇ ਜਹੀਆਂ ਲੱਖਾਂ ਕੰਜਕਾਂ
ਇਕ ਤੋਲਾ ਤਾਂਬੇ ਦੀ ਖ਼ਾਤਰ
ਵਿਚ ਚੌਰਾਹੀਂ ਵਿਕਣ ਨੀ
ਹੋ ਹੋ ਨੰਗੀਆਂ ।
ਗੁਰਬਤ ਦਾ ਸੰਘਣਾ ਜੰਗਲ
ਭੁੱਖਾਂ ਦੀ ਵਿਚ ਪੌਣ ਵਗੇਂਦੀ
ਇਸ਼ਕ ਜਿਵੇਂ ਇਕ ਬਾਂਸ ਦਾ ਬੂਟਾ
ਨਾ ਕੋਈ ਲੱਗੇ ਫੁੱਲ
ਨਾ ਦਵੇ ਸੁਗੰਧੀਆਂ ।
ਆਸ ਜਿਵੇਂ ਇਕ ਉੱਚਾ ਪਰਬਤ
ਮਨ ਜੀਕਣ ਹੋਏ ਸਰਘੀ ਵੇਲਾ
ਯਾਦ ਜਿਵੇਂ ਸੂਰਜ ਦੀ ਟਿੱਕੀ
ਵਿਚ ਸੋਚਾਂ ਦੀਆਂ ਚੀਲ੍ਹਾਂ
ਉੱਡ ਉੱਡ ਹੰਭੀਆਂ ।
ਮਾਤ ਲੋਕ ਦੀ ਦੋ ਗਿੱਠ ਧਰਤੀ
ਕਈਆਂ ਅੱਗੇ ਗਹਿਣੇ ਰੱਖੀ
ਪਰ ਨਾ ਮੈਨੂੰ ਇਕ ਵੀ ਮਿਲਿਆ
ਦਵੇ ਕੀਮਤਾਂ ਜਿਹੜਾ
ਮੂੰਹੋਂ ਮੰਗੀਆਂ ।
ਨਾ ਇਹਦੀ ਕੀਮਤ ਚਾਂਦੀ ਚਾਹੀ
ਨਾ ਇਹਦੀ ਕੀਮਤ ਸੋਨਾ ਮੰਗੀ
ਇਕ ਮੰਗਿਆ ਬਸ ਸਾਥੀ ਸੰਗੀ
ਖਾ ਜਾਏ ਭਾਵੇਂ ਜਿਹੜਾ
ਵੱਢ ਵੱਢ ਦੰਦੀਆਂ ।
ਠੀਕ ਕਿਸੇ ਦਰੋਪਦ ਦੀ ਜਾਈ
ਪੰਜ ਪਾਂਡਵਾਂ ਨਾਲ ਵਿਆਹੀ
ਝੂਠ ਹੈ ਉਹਨੂੰ ਅਰਜੁਨ ਬਾਝੋਂ
ਹੋਰ ਵੀ ਸ਼ਕਲਾਂ ਲੱਗਦੀਆਂ
ਹੋਸਣ ਚੰਗੀਆਂ ।
ਔਰਤ ਤਾਂ ਇਕ ਉਹ ਪੰਛੀ ਹੈ
ਜਿਸ ਨੂੰ ਸੋਨੇ ਦੇ ਪਿੰਜਰੇ ਵਿਚ
ਮੁੱਠ ਸਾਰੀ ਬਸ ਕੰਙਣੀ ਪਾ ਕੇ
ਟੰਗ ਦਿੱਤਾ ਹੈ ਜਾਂਦਾ
ਉਹਲੇ ਕੰਧੀਆਂ ।
ਪਰ ਇਹ ਫਿਰ ਵੀ ਭੋਲਾ ਪੰਛੀ
ਖਾ ਕੰਙਣੀ ਦੇ ਇਕ ਦੋ ਦਾਣੇ
ਚੁੰਝ ਭਰ ਪੀ ਕੇ ਠੰਢਾ ਪਾਣੀ
ਰਵ੍ਹੇ ਦੁਆਵਾਂ ਦੇਂਦਾ
ਉਮਰੋਂ ਲੰਬੀਆਂ ।
ਹੇ ਆਦਮ ਦੇ ਕਾਮੀ ਪੁੱਤਰੋ
ਜਾਂ ਇਹ ਪੰਛੀ ਮਾਰ ਮੁਕਾਵੋ
ਜਾਂ ਇਸ ਪੰਛੀ ਦਾ ਕੁਝ ਸੋਚੋ
ਛੱਡ ਦੇਵੋ ਇਹਨੂੰ ਖੁੱਲ੍ਹਾ ਵੇ
ਵਿਚ ਝੰਗੀਆਂ ।
ਮੈਂ ਕੁੰਤੀ ਹਾਂ ਅੱਜ ਦੇ ਜੁਗ ਦੀ
ਮੇਰੀ ਕੁੱਖ ਵਿਚ ਕਿਰਨ ਹੈ ਕੋਈ
ਜਾਂ ਚਾਨਣ ਦਾ ਹੈ ਇਕ ਬੂਟਾ
ਜਾਣ ਨਾ ਮੈਥੋਂ ਸ਼ਾਖਾਂ
ਇਸ ਦੀਆਂ ਝੰਬੀਆਂ ।
ਇਸ ਬੂਟੇ ਦੇ ਕੂਲੇ ਵਿਚ
ਮੈਂ ਮਮਤਾ ਦਾ ਪਾਸਾਂ ਪਾਣੀ
ਮੈਂ ਲੈਸਾਂ ਪਰਦੱਖਣਾ ਇਸ ਦੀ
ਜਾਣ ਇਸਮਤਾਂ ਭਾਵੇਂ
ਸੂਲੀ ਟੰਗੀਆਂ ।
ਮਾਤ ਲੋਕ ਦੀ ਧਰਤੀ ਅੰਦਰ
ਜਿਸ ਮਾਲੀ ਇਹ ਬੂਟਾ ਲਾਇਐ
ਖੌਰੇ ਕੌਣ ਤੇ ਕਿਥੋਂ ਸੀ ਉਹ
ਫਿਰ ਵੀ ਉਹਦੇ ਨਾਲ ਮੈਂ
ਅੱਜ ਤੋਂ ਮੰਗੀ ਆਂ ।
ਅੱਜ ਮੇਰੇ ਇਰਾਦੇ ਅੰਦਰ
ਉਹ ਮੇਰਾ ਨਾਵਾਕਫ਼ ਮਾਲੀ
ਅੱਜ ਤੋਂ ਮੇਰਾ ਕੰਤ ਹੈ ਹੋਇਆ
ਕਰ ਲਾਂ ਗੀ ਦਿਨ ਪੂਰੇ
ਵਾਕਣ ਰੰਡੀਆਂ ।
ਤਨ ਦੀ ਸੰਦਲੀ ਗੇਲੀ ਵਿਚੋਂ
ਇਹ ਕੇਹੀ ਖ਼ੁਸ਼ਬੋ ਪਈ ਆਵੇ
ਜੀਕਣ ਹਿੰਗ ਕਥੂਰੀ ਦੇ ਵਿਚ
ਛਿੱਟ ਸਾਰੀ ਡੁਲ੍ਹ ਜਾਵੇ
ਤੇ ਮਰਨ ਸੁਗੰਧੀਆਂ ।