Santokh Singh Dhir – Ethe bolan di nahi jaa mian
ਕੀ ਬੋਲਾਂ ਤੇ ਕੀ ਨਾ ਬੋਲਾਂ ਮੈਂ
ਕਿੰਜ ਭੇਤ ਦਿਲੇ ਦਾ ਖੋਲ੍ਹਾਂ ਮੈਂ
ਕਿਸ ਅੱਗੇ ਦੁਖੜਾ ਫੋਲਾਂ ਮੈਂ
ਲੈ ਆਂਦਾ ਨੱਕ ਵਿਚ ਸਾਹ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।
ਅਸੀਂ ਘਿਰ ਗਏ ਕਾਲੀਆਂ ਲਹਿਰਾਂ ਵਿਚ
ਝੱਖੜਾਂ ਵਿਚ, ਕਾਲੀਆਂ ਕਹਿਰਾਂ ਵਿਚ
ਨਾ ਆਰ ਕਿਤੇ, ਨਾ ਪਾਰ ਕਿਤੇ
ਸਾਨੂੰ ਦਿਸਦਾ ਨਾ ਕੋਈ ਰਾਹ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।
ਏਥੇ ਪੰਛੀ ਚਹਿਕ ਨਾ ਸਕਦੇ ਨੇ
ਫੁੱਲ-ਬੂਟੇ ਟਹਿਕ ਨਾ ਸਕਦੇ ਨੇ
ਏਥੇ ਪਹਿਰਾ ਚੰਦਰੀ ਪੱਤਝੜ ਦਾ
ਏਥੇ ਬੁਲਬੁਲ ਸਕੇ ਨਾ ਗਾ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।
ਇਹ ਨਗਰੀ ਜਮ-ਜੰਦਾਰਾਂ ਦੀ
ਮਾਸੂਮ, ਬੇਦੋਸ਼ੇ-ਮਾਰਾਂ ਦੀ
ਏਥੇ ਰਾਤ ਨੂੰ ਰਾਤ ਨਾ ਕਹਿ ਸਕੀਏ
ਨਾ ਕਰ ਸਕੀਏ ਅਸੀਂ ‘ਹਾਹ’ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।
ਏਥੇ ਆਖਣ, ਦੀਨ ਕਬੂਲ ਕਰੋ
ਨਹੀਂ ਛੁਰੀਆਂ ਹੇਠਾਂ ਸੀਸ ਧਰੋ
ਨਿਤ ਹੁਕਮ ਚੁਗੱਤੇ ਚਾੜ੍ਹ ਰਹੇ
ਅਸੀਂ ਕਰ ਨਹੀਂ ਸਕਦੇ ਨਾਂਹ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।
ਮੇਰੇ ਦਿਲ ਵਿਚ ਉਠਦੀ ਹੂਕ ਜਿਹੀ
ਇਕ ਚੀਕ ਜਿਹੀ, ਇਕ ਕੂਕ ਜਿਹੀ
ਕਦੇ ਉੱਠ ਪੈਂਦੀ, ਕਦੇ ਦਬ ਜਾਂਦੀ
ਪਰ ਕੱਢ ਨਾ ਸਕਦੀ ਸਾਹ ਮੀਆਂ-
ਏਥੇ ਬੋਲਣ ਦੀ ਨਹੀਂ ਜਾ ਮੀਆਂ ।