Santokh Singh Dhir – Sda na rehndi raat
ਟੀਸੀ ਉੱਤੇ ਪੁੱਜਿਆ
ਅਜ ਪਾਪਾਂ ਦਾ ਰਾਜ।
ਦਿਨ ਧੌਲੇ ਹੈ ਲੁੱਟਦੀ
ਗਊ ਗ਼ਰੀਬ ਦੀ ਲਾਜ।
ਉਹਲੇ ਬਹਿ ਕੇ ਧਰਮ ਦੇ
ਪਲਦਾ ਹੈ ਵਿਭਚਾਰ।
ਖੱਲ ਭੇਡਾਂ ਦੀ ਚਿੱਟੜੀ
ਪਾ ਬੈਠੇ ਬਘਿਆੜ।
ਪੰਛੀ ਉਡਿਆ ਧਰਮ ਦਾ,
ਹਾਕਮ ਬਣੇ ਜੱਲਾਦ।
ਹੱਥੀਂ ਫੜੀਆਂ ਕਾਤੀਆਂ,
ਕੌਣ ਸੁਣੇ ਫ਼ਰਿਆਦ?
ਟੋਟੇ ਟੋਟੇ ਧਰਤੀਆਂ,
ਟੁਕੜੇ ਟੁਕੜੇ ਦੇਸ।
ਖਿੰਡੀਆਂ ਪੁੰਡੀਆਂ ਬੋਲੀਆਂ,
ਲੀਰਾਂ ਲੀਰਾਂ ਵੇਸ।
ਰਾਤ ਹਨੇਰੀ, ਸੰਘਣੀ,
ਹੱਥ ਨਾ ਲਭੇ ਹੱਥ।
ਕੱਠੇ ਹੋ ਕੇ ਤਾਰਿਆਂ
ਜੋੜ ਲਈ ਪਰ ਸੱਥ।
ਸਦਾ ਨਾ ਰਹਿੰਦੇ ਪਾਪ ਨੇ,
ਸਦਾ ਨਾ ਰਹਿੰਦੀ ਰਾਤ।
ਹੋਣ ਘਟਾਂ ਲੱਖ ਕਾਲੀਆਂ,
ਲੁਕਦੀ ਨਾ ਪਰਭਾਤ।
ਪਹੁ-ਫੁਟਾਲੇ ਦੁਧੀਆ
ਪਲ ਪਲ ਹੁੰਦੇ ਲਾਲ।
ਪਲ ਪਲ ਜਾਗਣ ਧਰਤੀਆਂ
ਚੰਗੇ ਸ਼ਗਨਾਂ ਨਾਲ।
ਕੌਣ ਸਮੇਂ ਦੀ ਤੋਰ ਨੂੰ
ਹੈ ਰੋਕਣ ਦੇ ਤੁੱਲ?
ਹਿਕ ਪੱਥਰ ਦੀ ਚੀਰ ਕੇ
ਉੱਗਣ ਸੂਹੇ ਫੁੱਲ।
ਕੌਣ ਹਵਾ ਦੇ ਵੇਗ ਨੂੰ
ਸਕਦਾ ਏ ਖਲ੍ਹਿਆਰ?
ਕੌਣ, ਜੋ ਮੋੜੇ ਵਹਿਣ ਤੋਂ
ਸ਼ਹੁ-ਦਰਿਆ ਦੀ ਧਾਰ?
ਹੋਣੀ ਵਾਜਾਂ ਮਾਰਦੀ:
”ਲੋਕਾ, ਪੱਗ ਸੰਭਾਲ!
ਚਿੜੀਆਂ ਦਾ ਹੈ ਟਾਕਰਾ
ਅਜ ਬਾਜ਼ਾਂ ਦੇ ਨਾਲ।”
ਸੂਤੀ ਨਵੇਂ ਮਨੁੱਖ ਨੇ
ਏਕੇ ਦੀ ਤਲਵਾਰ।
ਰਾਤ ਹਨੇਰੀ ਵਿਚ ਜਿਉਂ
ਬਿਜਲੀ ਦਾ ਚਮਕਾਰ।
ਰਾਤ ਹਨੇਰੀ ਮੁੱਕਣੀ,
ਮੁੱਕਣ ਲੱਗੀ ਤਾਂਘ।
ਹੋਣੀ ਅਜ ਮਨੁੱਖ ਦੀ
ਚੜ੍ਹਦੇ ਸੂਰਜ ਵਾਂਗ।