Younus Ahker – Dukhan nu nahi gini mini da
ਦੁੱਖਾਂ ਨੂੰ ਨਹੀਂ ਗਿਣੀ ਮਿਣੀ ਦਾ, ਗ਼ਮ ਨੂੰ ਕੁਝ ਨਹੀਂ ਜਾਣੀ ਦਾ।
ਮੰਜ਼ਲ ਖਾਤਰ ਤੂਫ਼ਾਨਾਂ ਦੇ, ਅੱਗੇ ਸੀਨਾ ਤਾਣੀ ਦਾ।
ਮਕਸਦ ਪਾਰੋਂ ਡੁੱਬਣ ਵਾਲਾ, ਮੋਤੀ ਕੱਢਦਾ ਰਹਿੰਦਾ ਏ,
ਅਪਣੇ ਪੈਰ ਹਿਲਾ ਨਹੀਂ ਸਕਦਾ ਖੁਭਿਆ ਲੋਭ ਦੀ ਘਾਣੀ ਦਾ।
ਸੌ ਸਾਮਾਨ ਨੇ ਭਾਵੇਂ ਆਲ ਦੁਆਲੇ ਠੰਢੀਆਂ ਛਾਵਾਂ ਦੇ,
ਫਿਰ ਵੀ ਰਹਿ ਰਹਿ ਚੇਤੇ ਆਉਂਦਾ, ਸਾਇਆ ਕੰਧ ਪੁਰਾਣੀ ਦਾ।
ਮੱਖਣ ਦੀ ਇਕ ਬੂੰਦ ਕੱਢਣ ਲਈ, ਸ਼ਹਿਰ ਵਿਕੇਂਦੇ ਦੁੱਧਾਂ ਚੋਂ,
ਚੱਕਰ ਖਾ ਖਾ ਥੱਕ ਜਾਂਦਾ ਏ, ਝੱਲਾ ਫੁੱਲ ਮਧਾਣੀ ਦਾ।
ਮੁਮਕਨ ਰਹੇ ਨਾ ਅੱਗੇ ਵਧਣਾ, ਤੱਕ ਨਿਸ਼ਾਨ ਜੇ ਪੈਰਾਂ ਦੇ,
ਹਿੰਮਤ ਹਾਰ ਕੇ ਰਾਹਵਾਂ ਵਾਲਾ, ਘੱਟਾ ਫੇਰ ਨਹੀਂ ਛਾਣੀ ਦਾ।
ਜ਼ਹਿਨ ਬੰਦੇ ਦਾ ‘ਅਹਿਕਰ’ ਗੁੰਝਲੀ, ਅੱਟੀ ਬਣਿਆ ਹੋਇਆ ਏ,
ਐਵੇਂ ਨਹੀਂ ਇਹ ਖ਼ਾਲਿਕ ਬਣਿਆ, ਗੁੰਝਲ ਦਾਰ ਕਹਾਣੀ ਦਾ।