Punjabi Poetry

Younus Ahker – Na dukh mukke dunia de


ਨਾ ਦੁਖ ਮੁੱਕੇ ਦੁਨੀਆਂ ਦੇ ਨਾ, ਚਾਨਣ ਮਿਲੇ ਜ਼ਮੀਰਾਂ ਨੂੰ।
ਹਾਰ ਗਏ ਨੇ ਫੜ ਫੜ ਲੋਕੀ, ਨਵਿਆਂ ਨਵਿਆਂ ਪੀਰਾਂ ਨੂੰ।

ਮਜ਼ਦੂਰੀ ਲਈ ਬਾਲਾਂ ਨੂੰ ਇੰਜ, ਲੋੜਾਂ ਧਕ ਧਕ ਖੜਦੀਆਂ ਨੇ,
ਵੇਲੇ ਦੇ ਮੁਖ਼ਤਾਰ ਜਿਉਂ ਹੱਕੀਂ, ਜਾਂਦੇ ਹੋਣ ਅਸੀਰਾਂ ਨੂੰ।

ਰਾਤਾਂ ਦੇ ਨੇਰ੍ਹੇ ਵਿੱਚ ਜਿਹੜਾ, ਰੌਸ਼ਨ ਸੁਪਨਾ ਤੱਕਿਆ ਸੀ,
ਦਿਨ ਦੀ ਲੋਏ ਤਰਸ ਰਹੇ ਆਂ, ਓਸ ਦੀਆਂ ਤਾਬੀਰਾਂ ਨੂੰ।

ਅੱਜ ਤੱਕ ਉਹੋ ਜੱਗ ‘ਤੇ ਅਪਣੇ, ਲੇਖ ਬਦਲਦੇ ਆਏ ਨੇ,
ਸ਼ਾਕੀ ਹੁੰਦਿਆਂ ਹੋਇਆਂ ਵੀ ਜੋ, ਮੰਨਦੇ ਨੇ ਤਕਦੀਰਾਂ ਨੂੰ।

ਹੋ ਜਾਂਦਾ ਹੈ ਔਖਾ ਚੱਲਣਾ, ਗ਼ੈਰਾਂ ਦੇ ਵਲ ਜਿਨ੍ਹਾਂ ਦਾ,
ਅਪਣੇ ਵੱਲ ਚਲਾ ਲੈਂਦਾ ਹਾਂ ਓੜਕ ਉਹਨਾਂ ਤੀਰਾਂ ਨੂੰ।

ਕਿਸਰਾਂ ਵਾਰ ਸਵ੍ਹਾਂਗੇ ‘ਅਹਿਕਰ’ ਆਵਣ ਵਾਲੇ ਵੇਲੇ ਦਾ,
ਏਹੋ ਸੋਚਾਂ ਅੰਦਰੋ ਅੰਦਰ, ਚੂੰਡੀ ਜਾਣ ਸਰੀਰਾਂ ਨੂੰ।